ਓਟਾਵਾ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਸਾਊਦੀ ਅਰਬ ਨਾਲ ਵਿਵਾਦ ਦੇ ਬਾਵਜੂਦ ਵੀ ਉਹ ਮਨੁੱਖੀ ਅਧਿਕਾਰ ਨੂੰ ਲੈ ਕੇ ਰਾਸ਼ਟਰ ਦੇਸ਼ਾਂ ‘ਤੇ ਦਬਾਅ ਕਾਇਮ ਰੱਖਣਗੇ। ਟਰੂਡੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ ਅਲ ਜੁਬੇਰ ਨਾਲ ਲੰਬੀ ਗੱਲਬਾਤ ਕੀਤੀ ਸੀ ਪਰ ਉਨ੍ਹਾਂ ਨੇ ਗੱਲਬਾਤ ਦਾ ਕੋਈ ਵੇਰਵਾ ਨਹੀਂ ਦਿੱਤਾ। ਟਰੂਡੋ ਨੇ ਇਹ ਵੀ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਾਊਦੀ ਅਰਬ ਨਾਲ ਰਿਸ਼ਤੇ ਖਰਾਬ ਹੋਣ।
ਓਧਰ ਸਾਊਦੀ ਅਰਬ ਦੇ ਊਰਜਾ ਮੰਤਰੀ ਖਾਲਿਦ ਅਲ-ਫਾਲੇਹ ਨੇ ਕਿਹਾ ਕਿ ਸਾਊਦੀ ਅਰਬ ਅਤੇ ਕੈਨੇਡਾ ਵਿਚਾਲੇ ਜਾਰੀ ਡਿਪਲੋਮੈਟਿਕ ਵਿਵਾਦ ਕਾਰਨ ਸਰਕਾਰੀ ਤੇਲ ਕੰਪਨੀ ਆਰਾਮਕੋ ਦੇ ਗਾਹਕ ਕੈਨੇਡਾ ‘ਚ ਪ੍ਰਭਾਵਿਤ ਨਹੀਂ ਹੋਣਗੇ। ਫਾਲੇਹ ਨੇ ਕਿਹਾ ਕਿ ਤੇਲ ਸਪਲਾਈ ਚਿੰਤਾ ਦਾ ਵਿਸ਼ਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਨੇ ਬੀਤੇ ਐਤਵਾਰ ਨੂੰ ਕੈਨੇਡਾ ਨਾਲ ਸਾਰੇ ਨਵੇਂ ਵਪਾਰ ਅਤੇ ਨਿਵੇਸ਼ ‘ਤੇ ਰੋਕ ਲਗਾ ਦਿੱਤੀ ਅਤੇ ਰਿਆਦ ਵਿਚ ਸਥਿਤ ਕੈਨੇਡਾ ਦੇ ਰਾਜਦੂਤ ਨੂੰ ਵਾਪਸ ਭੇਜ ਦਿੱਤਾ। ਇਸ ਦੇ ਨਾਲ ਹੀ ਸਾਊਦੀ ਸਰਕਾਰ ਨੇ ਸਰਕਾਰੀ ਮਦਦ ਪ੍ਰਾਪਤ ਸਿੱਖਿਅਕ ਅਤੇ ਡਾਕਟਰੀ ਪ੍ਰੋਗਰਾਮਾਂ ‘ਤੇ ਵੀ ਰੋਕ ਲਗਾ ਦਿੱਤੀ ਹੈ। ਸਾਊਦੀ ਅਰਬ ਵੱਲੋਂ ਇਹ ਕਦਮ ਕੈਨੇਡਾ ਦੀ ਉਸ ਅਪੀਲ ਤੋਂ ਬਾਅਦ ਚੁੱਕਿਆ ਗਿਆ, ਜਿਸ ਵਿਚ ਰਿਆਦ ਵਿਚ ਕੈਨੇਡੀਅਨ ਦੂਤਘਰ ਨੇ ਜੇਲ ਵਿਚ ਬੰਦ ਕੀਤੇ ਗਏ ਮਨੁੱਖੀ ਅਧਿਕਾਰ ਵਰਕਰਾਂ ਦੀ ਰਿਹਾਈ ਦੀ ਮੰਗ ਕੀਤੀ। ਕੈਨੇਡਾ ਦੀ ਇਸ ਮੰਗ ਮਗਰੋਂ ਸਾਊਦੀ ਅਰਬ ਨੇ ਸਖਤ ਰਵੱਈਆ ਅਖਤਿਆਰ ਕਰ ਲਿਆ। ਸਾਊਦੀ ਅਰਬ ਨੇ ਕੈਨੇਡਾ ਦੀ ਇਸ ਮੰਗ ਨੂੰ ਉਸ ਦੇ ਅੰਦਰੁਨੀ ਮਾਮਲਿਆਂ ‘ਚ ਦਖਲ ਅੰਦਾਜ਼ੀ ਦੱਸਿਆ ਹੈ। ਜਿਸ ਤੋਂ ਮਗਰੋਂ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਖਟਾਸ ਆ ਗਈ ਅਤੇ ਸਾਊਦੀ ਅਰਬ ਨੇ ਵਪਾਰ ਸਬੰਧਾਂ ‘ਤੇ ਰੋਕ ਲਾ ਦਿੱਤੀ ਅਤੇ ਉਡਾਣਾਂ ਰੱਦ ਕਰ ਦਿੱਤੀਆਂ।