ਨਵੀਂ ਦਿੱਲੀ, 22 ਅਗਸਤ
ਸਪੋਰਟਸ ਅਥਾਰਿਟੀ ਆਫ ਇੰਡੀਆ (ਸਾਈ) ਚਾਹੁੰਦਾ ਹੈ ਕਿ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ ਵਿੱਚ ਸ਼ਾਮਲ ਹੋਵੇ ਅਤੇ ਜੇਕਰ ਉਹ ਪਟਿਆਲਾ ਵਿੱਚ ਇਸ ਹਫ਼ਤੇ ਹੋਣ ਵਾਲੇ ਟਰਾਇਲ ’ਚ ਛੋਟ ਚਾਹੁੰਦਾ ਹੈ ਤਾਂ ਫਿਟਨੈੱਸ ਸਰਟੀਫਿਕੇਟ ਮੁਹੱਈਆ ਕਰਵਾਇਆ ਜਾਵੇ। ਬਜਰੰਗ 25 ਅਤੇ 26 ਅਗਸਤ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ ਵਿੱਚ ਭਾਗ ਨਾ ਲੈਣ ਦੀ ਯੋਜਨਾ ਬਣਾ ਰਿਹਾ ਹੈ। ਉਹ 23 ਸਤੰਬਰ ਤੋਂ ਹਾਂਗਜ਼ਊ ਵਿੱਚ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਵਿਦੇਸ਼ ਵਿੱਚ ਅਭਿਆਸ ਕਰਨਾ ਚਾਹੁੰਦਾ ਹੈ। ਬਜਰੰਗ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊੁਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜੰਤਰ ਮੰਤਰ ’ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਛੇ ਪਹਿਲਵਾਨਾਂ ’ਚ ਸ਼ਾਮਲ ਸੀ। ਇਸ ਤੋਂ ਇਲਾਵਾ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਦੀਪਕ ਪੂਨੀਆ (86 ਕਿਲੋ ਭਾਰ ਵਰਗ) ਵੀ 16 ਸਤੰਬਰ ਤੋਂ ਬੈਲਗਰੇਡ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਦੀ ਇੱਛੁਕ ਨਹੀਂ ਹੈ। ਦੀਪਕ ਵੀ ਏਸ਼ਿਆਈ ਖੇਡਾਂ ਦੀ ਤਿਆਰੀ ਲਈ ਲੰਬੇ ਸਮੇਂ ਤੱਕ ਵਿਦੇਸ਼ ਵਿੱਚ ਅਭਿਆਸ ਕਰਨਾ ਚਾਹੁੰਦਾ ਹੈ। ਬਜਰੰਗ ਨੇ ਕਿਰਗਿਜ਼ਸਤਾਨ ਵਿੱਚ 21 ਤੋਂ 28 ਸਤੰਬਰ ਤੱਕ ਸਿਖਲਾਈ ਲੈਣ ਦਾ ਪ੍ਰਸਤਾਵ ਭੇਜਿਆ ਹੈ ਅਤੇ ਇਸੇ ਤਰ੍ਹਾਂ ਦੀਪਕ ਏਸ਼ਿਆਈ ਖੇਡਾਂ ਤੋਂ ਪਹਿਲੇ ਪੰਜ ਹਫ਼ਤਿਆਂ 23 ਅਗਸਤ ਤੋਂ 28 ਸਤੰਬਰ ਤੱਕ ਰੂਸ ਦੇ ਖਾਸਾਵਯੂਰਟ ਵਿੱਚ ਸਿਖਲਾਈ ਲੈਣਾ ਚਾਹੁੰਦਾ ਹੈ। ਸਾਈ ਦੇ ਇੱਕ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, ‘‘ਹਾਂ, ਅਸੀਂ ਬਜਰੰਗ ਤੋਂ ਪੁੱਛਿਆ ਹੈ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ ਵਿੱਚ ਭਾਗ ਕਿਉਂ ਨਹੀਂ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਏਸ਼ਿਆਈ ਖੇਡਾਂ ਲਈ ਤਿਆਰੀ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਵਿਦੇਸ਼ ਵਿੱਚ ਸਿਖਲਾਈ ਲੈਣਾ ਚਾਹੁੰਦਾ ਹੈ। ਹਾਲਾਂਕਿ ਅਸੀਂ ਉਸ ਨੂੰ 25 ਅਤੇ 26 ਅਗਸਤ ਨੂੰ ਟਰਾਇਲ ਲਈ ਹਾਜ਼ਰ ਹੋਣ ਅਤੇ 27 ਅਗਸਤ ਨੂੰ ਵਿਦੇਸ਼ ਰਵਾਨਾ ਹੋਣ ਲਈ ਕਿਹਾ ਹੈ।’’ ਵਿਸ਼ਵ ਚੈਂਪੀਅਨਸ਼ਿਪ 2024 ਪੈਰਿਸ ਓਲੰਪਿਕ ਖੇਡਾਂ ਲਈ ਪਹਿਲਾ ਕੁਆਲੀਫਿਕੇਸ਼ਨ ਟੂਰਨਾਮੈਂਟ ਹੈ ਅਤੇ ਸਾਈ ਇਸ ਗੱਲ ਤੋਂ ਨਾਖੁਸ਼ ਹੈ ਕਿ ਦੇਸ਼ ਦੇ ਦੋ ਸਿਖਰਲੇ ਪਹਿਲਵਾਨ ਟਰਾਇਲ ਅਤੇ ਇਸ ਅਹਿਮ ਮੁਕਾਬਲੇ ਵਿੱਚ ਭਾਗ ਨਹੀਂ ਲੈਣਾ ਚਾਹੁੰਦੇ ਹਨ। ਟੋਕੀਓ ਓਲੰਪਿਕ ਵਿੱਚ 65 ਕਿਲੋ ਭਾਰ ਵਰਗ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਬਜਰੰਗ ਨੇ ਆਪਣੇ ਲਈ ਫਿਜ਼ੀਓਥੈਰੇਪਿਸਟ ਅਨੁਜ ਗੁਪਤਾ, ਨਿੱਜੀ ਕੋਚ ਸੁਜੀਤ ਮਾਨ, ‘ਸਟਰੈਂਥ ਅਤੇ ਕੰਡੀਸ਼ਨਿੰਗ’ ਮਾਹਿਰ ਕਾਜ਼ੀ ਕਿਰਨ ਮੁਸਤਫ਼ਾ ਹਸਨ ਅਤੇ ‘ਸਪੈਰਿੰਗ ਪਾਰਟਨਰ’ ਜਿਤੇਂਦਰ ਕਿਨਹਾ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ, ਜਦਕਿ ਦੀਪਕ ਨੇ ਸਿਖਲਾਈ ਲਈ ਕੋਚ ਕਮਲ ਮਲਿਕੋਵ ਅਤੇ ਫਿਜ਼ੀਓਥੈਰੇਪਿਸਟ ਸ਼ੁਭਮ ਗੁਪਤਾ ਦੀਆਂ ਸੇਵਾਵਾਂ ਦੀ ਮੰਗ ਕੀਤੀ ਹੈ। ਸਾਈ ਚਾਹੁੰਦਾ ਹੈ ਦੋਵੇਂ ਪਹਿਲਵਾਨ ਪਹਿਲਾਂ ਆਪਣੀ ਫਿਟਨੈੱਸ ਸਾਬਤ ਕਰਨ ਲਈ ਵਿਸ਼ਵ ਚੈਂਪੀਅਨਸ਼ਿਪ ਦੇ ਟਰਾਇਲ ਵਿੱਚ ਭਾਗ ਲਵੇ ਅਤੇ ਇਸ ਮਗਰੋਂ ਉਹ ਵਿਦੇਸ਼ ਵਿੱਚ ਉਨ੍ਹਾਂ ਦੀ ਸਿਖਲਾਈ ਦੇ ਪ੍ਰਸਤਾਵ ’ਤੇ ਵਿਚਾਰ ਕਰਨ ਲਈ ਤਿਆਰ ਹਨ। ਸਾਈ ਦੇ ਅਧਿਕਾਰੀ ਨੇ ਕਿਹਾ, ‘‘ਅਸੀਂ ਬਜਰੰਗ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਉਹ ਟਰਾਇਲ ਨੂੰ ਪੂਰੀ ਤਰ੍ਹਾਂ ਛੱਡਦਾ ਹੈ ਤਾਂ ਆਪਣਾ ਫਿਟਨੈੱਸ ਸਰਟੀਫਿਕੇਟ ਮੁਹੱਈਆ ਕਰਵਾਏ। ਸਾਨੂੰ ਸਹਿਯੋਗੀ ਸਟਾਫ ਲਈ ਉਸ ਦੀ ਅਪੀਲ ਪ੍ਰਾਪਤ ਹੋਈ ਹੈ। ਮਾਮਲਾ ਹੁਣ ਐੱਮਓਸੀ (ਮਿਸ਼ਨ ਓਲੰਪਿਕ ਸੈੱਲ) ਕੋਲ ਹੈ ਅਤੇ ਉਹ ਇਸ ’ਤੇ ਫ਼ੈਸਲਾ ਲੈਣਗੇ।’’ ਬਜਰੰਗ ਅਤੇ ਉਸ ਦੇ ਸਾਥੀ ਕਿਨਹਾ ਹਾਲ ਹੀ ਵਿੱਚ ਲੰਬੀ ਸਿਖਲਾਈ ਮਗਰੋਂ ਕਿਰਗਿਜ਼ਸਤਾਨ ਤੋਂ ਪਰਤੇ ਹਨ। ਬਜਰੰਗ ਅਤੇ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਦੀ ਟੀਮ ਵਿੱਚ ਸਿੱਧਾ ਦਾਖ਼ਲਾ ਦੇਣ ’ਤੇ ਕੁਸ਼ਤੀ ਜਗਤ ਵਿੱਚ ਕਾਫ਼ੀ ਵਿਵਾਦ ਹੋਇਆ ਸੀ। ਹਾਲਾਂਕਿ ਵਿਨੇਸ਼ ਸੱਟ ਲੱਗਣ ਕਾਰਨ ਇਨ੍ਹਾਂ ਖੇਡਾਂ ਤੋਂ ਪਿੱਛੇ ਹਟ ਗਈ ਹੈ।