ਨਵੀਂ ਦਿੱਲੀ, 6 ਮਾਰਚ
ਭਾਰਤੀ ਖੇਡ ਅਥਾਰਟੀ (ਸਾਈ) ਨੇ ਅੱਜ ਦੀਪਾ ਕਰਮਾਕਰ ਨੂੰ ਬਾਕੂ ਅਤੇ ਦੋਹਾ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ, ਪਰ ਜਿਮਨਾਸਟਿਕ ਸੰਘ ਨੇ ਪੁਰਸ਼ ਵਰਗ ਵਿੱਚ ਟਰਾਇਲਜ਼ ਕਰਵਾਉਣ ਲਈ ਕਿਹਾ ਹੈ। ਭਾਰਤੀ ਜਿਮਨਾਸਟਿਕ ਸੰਘ (ਜੀਐਫਆਈ) ਨੂੰ ਭੇਜੇ ਗਏ ਪੱਤਰ ਵਿੱਚ ਸਾਈ ਨੇ ਦੀਪਾ ਅਤੇ ਉਸ ਦੇ ਨਿੱਜੀ ਕੋਚ ਬਿਸ਼ਵੇਸ਼ਵਰ ਨੰਦੀ ਦੀ ਬਾਕੂ ਅਤੇ ਦੋਹਾ ਵਿੱਚ ਐਫਆਈਜੀ ਵਿਸ਼ਵ ਕੱਪ ਵਿੱਚ ਹਿੱਸੇਦਾਰੀ ਨੂੰ ਪ੍ਰਵਾਨਗੀ ਦਿੱਤੀ ਹੈ। ਜੀਐਫਆਈ ਨੇ ਦੀਪਾ ਦਾ 14 ਤੋਂ 17 ਮਾਰਚ ਅਤੇ ਉਸ ਮਗਰੋਂ 20 ਤੋਂ 23 ਮਾਰਚ ਦੌਰਾਨ ਕ੍ਰਮਵਾਰ ਅਜ਼ਰਬੇਜਾਨ ਅਤੇ ਕਤਰ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਪਰ ਟੂਰਨਾਮੈਂਟ ਵਿੱਚ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਰਹਿਣ ਦੇ ਬਾਵਜੂਦ ਮਨਜ਼ੂਰੀ ਨਹੀਂ ਮਿਲ ਸਕੀ ਸੀ।