ਇਸਲਾਮਾਬਾਦ: ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਖ਼ੁਫ਼ੀਆ ਡਿਪਲੋਮੈਟਿਕ ਕੇਬਲ ਲੀਕ ਕਰਨ ਦੇ ਕੇਸ ਵਿਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਰਿਮਾਂਡ ਵਿਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਕੁਰੈਸ਼ੀ ’ਤੇ ਦੋਸ਼ ਹੈ ਕਿ ਉਨ੍ਹਾਂ ਇਸ ਖ਼ੁਫ਼ੀਆ ਗੱਲਬਾਤ ਦੀ ਦੁਰਵਰਤੋਂ ਪਿਛਲੀ ਇਮਰਾਨ ਖਾਨ ਸਰਕਾਰ ਦੇ ਸਿਆਸੀ ਮੰਤਵ ਪੂਰਨ ਲਈ ਕੀਤੀ ਸੀ। ਜ਼ਿਕਰਯੋਗ ਹੈ ਕਿ ਕੁਰੈਸ਼ੀ (67) ਜੋ ਕਿ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਰੀਬੀ ਹਨ, ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਉਪ ਚੇਅਰਮੈਨ ਵੀ ਹਨ। ਉਨ੍ਹਾਂ ਨੂੰ 19 ਅਗਸਤ ਨੂੰ ਸਰਕਾਰੀ ਭੇਤ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਸਾਬਕਾ ਵਿਦੇਸ਼ ਮੰਤਰੀ ’ਤੇ ਦੋਸ਼ ਹੈ ਕਿ ਉਨ੍ਹਾਂ ਅਮਰੀਕਾ ਵਿਚਲੇ ਪਾਕਿਸਤਾਨੀ ਦੂਤਾਵਾਸ ਵੱਲੋਂ ਵਿਦੇਸ਼ ਵਿਭਾਗ ਨੂੰ ਭੇਜੀ ਗਈ ਖ਼ੁਫੀਆ ਗੱਲਬਾਤ ਨੂੰ ਲੀਕ ਕੀਤਾ ਸੀ। ਅਦਾਲਤ ਨੇ ਫੈਡਰਲ ਜਾਂਚ ਏਜੰਸੀ (ਐਫਆਈਏ) ਨੂੰ ਕੁਰੈਸ਼ੀ ਦਾ 25 ਅਗਸਤ ਤੱਕ ਰਿਮਾਂਡ ਦਿੱਤਾ ਸੀ। ਸ਼ੁੱਕਰਵਾਰ ਇਸ ਰਿਮਾਂਡ ਵਿਚ ਤਿੰਨ ਦਿਨਾਂ ਦਾ ਵਾਧਾ ਕੀਤਾ ਗਿਆ ਸੀ। ਅੱਜ ਮੁੜ ਕੁਰੈਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਐਫਆਈਏ ਨੇ ਉਨ੍ਹਾਂ ਦਾ ਪੰਜ ਦਿਨਾਂ ਦਾ ਰਿਮਾਂਡ ਮੰਗਿਆ। ਵਿਸ਼ੇਸ਼ ਸਰਕਾਰੀ ਵਕੀਲ ਨੇ ਕਿਹਾ ਕਿ ਕੁਰੈਸ਼ੀ ਦਾ ਮੋਬਾਈਲ ਫੋਨ ਬਰਾਮਦ ਕੀਤਾ ਜਾਣਾ ਹੈ। ਜਦਕਿ ਕੁਰੈਸ਼ੀ ਦੇ ਵਕੀਲ ਨੇ ਏਜੰਸੀ ਦੀ ਅਪੀਲ ਦਾ ਵਿਰੋਧ ਕੀਤਾ ਤੇ ਆਪਣੇ ਬਚਾਅ ਵਿਚ ਉਪਰਲੀਆਂ ਅਦਾਲਤਾਂ ਦੇ ਕਈ ਫ਼ੈਸਲਿਆਂ ਦਾ ਹਵਾਲਾ ਦਿੱਤਾ। ਸੁਣਵਾਈ ਦੌਰਾਨ ਕੁਰੈਸ਼ੀ ਦੇ ਵਕੀਲ ਨੇ ਕਿਹਾ ਕਿ ਸਾਬਕਾ ਵਿਦੇਸ਼ ਮੰਤਰੀ ਦਾ ਸਾਈਫਰ ਕੇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਕੀਲ ਨੇ ਕਿਹਾ ਕਿ ਕੁਰੈਸ਼ੀ ਨੌਂ ਦਿਨਾਂ ਤੋਂ ਰਿਮਾਂਡ ’ਤੇ ਹਨ ਜੋ ਕਿ ‘ਕਾਫੀ ਹੈ’, ਤੇ ਮੋਬਾਈਲ ਵੀ ਏਜੰਸੀ ਦੇ ਕੋਲ ਹੀ ਹੈ। ਇਸ ਲਈ ਹੋਰ ਰਿਮਾਂਡ ਦੀ ਕੋਈ ਲੋੜ ਨਹੀਂ ਹੈ।