ਕੁਆਲਾਲੰਪੁਰ, ਭਾਰਤ ਦੀ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਅੱਜ ਇੱਥੇ ਹਾਂਗਕਾਂਗ ਦੀ ਯਿਪ ਪੁਈ ਯਿਨ ਨੂੰ 21-12, 21-16 ਨਾਲ ਹਰਾ ਕੇ ਸੱਤ ਲੱਖ ਡਾਲਰ ਇਨਾਮੀ ਮਲੇਸ਼ਿਆਈ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਲੰਡਨ ਓਲੰਪਿਕ ਦੀ ਕਾਂਸੀ ਦਾ ਤਗ਼ਮਾ ਜੇਤੂ ਨੇ ਸਿਰਫ਼ 42 ਮਿੰਟ ਵਿੱਚ ਜਿੱਤ ਦਰਜ ਕੀਤੀ। ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਸਾਇਨਾ ਨੇ ਆਪਣੀ ਚੰਗੀ ਫਾਰਮ ਜਾਰੀ ਰੱਖੀ। ਉਸ ਨੂੰ ਹਾਲਾਂਕਿ ਸਖ਼ਤ ਗਰੁੱਪ ਵਿੱਚ ਰੱਖਿਆ ਗਿਆ ਹੈ।
ਅਗਲੇ ਗੇੜ ਵਿੱਚ ਉਸ ਨੂੰ ਦੂਜਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਦਾ ਸਾਹਮਣਾ ਕਰਨਾ ਪਵੇਗਾ। ਲਗਪਗ ਇੱਕ ਮਹੀਨੇ ਦੇ ਆਰਾਮ ਮਗਰੋਂ ਪੀਵੀ ਸਿੰਧੂ ਤੇ ਕਿਦੰਬੀ ਸ੍ਰੀਕਾਂਤ ਬੀਡਬਲਯੂਐਫ ਵਿਸ਼ਵ ਟੂਰ ਦੇ ਦੱਖਣ-ਪੂਰਬ ਏਸ਼ੀਆ ਗੇੜ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਗੇ।