ਨਵੀਂ ਦਿੱਲੀ, 25 ਨਵੰਬਰ
ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਨੇ ਅਗਲੇ ਕੌਮਾਂਤਰੀ ਟੂਰਨਾਮੈਂਟਾਂ ਤੱਕ ਖ਼ੁਦ ਨੂੰ ਤਿਆਰ ਕਰਨ ਲਈ ਅੱਜ ਪ੍ਰੀਮੀਅਰ ਬੈਡਮਿੰਟਨ ਲੀਗ ਤੋਂ ਹਟਣ ਦਾ ਫ਼ੈਸਲਾ ਲਿਆ। ਪਿਛਲੇ ਪੀਬੀਐੱਲ ਸੈਸ਼ਨ ਵਿੱਚ ਨਾਰਥ ਈਸਟਰਨ ਵਾਰੀਅਰਜ਼ ਲਈ ਖੇਡਣ ਵਾਲੀ 29 ਸਾਲ ਦੀ ਸਾਇਨਾ 20 ਜਨਵਰੀ ਤੋਂ ਨੌਂ ਫਰਵਰੀ ਦੌਰਾਨ ਖੇਡੇ ਜਾਣ ਵਾਲੇ ਪੰਜਵੇਂ ਗੇੜ ਖੇਡਦੀ ਵਿਖਾਈ ਨਹੀਂ ਦੇਵੇਗੀ।
ਸਾਇਨਾ ਨੇ ਟਵੀਟ ਕੀਤਾ, ‘‘ਮੈਂ ਪੀਬੀਐੱਲ ਦੇ ਪੰਜਵੇਂ ਸੈਸ਼ਨ ਦਾ ਹਿੱਸਾ ਨਹੀਂ ਰਹਾਂਗੀ। ਸਿਹਤ ਸਮੱਸਿਆਵਾਂ ਅਤੇ ਸੱਟਾਂ ਕਾਰਨ ਮੈਂ ਇਸ ਸਾਲ ਜ਼ਿਆਦਾਤਰ ਸਮਾਂ ਠੀਕ ਨਹੀਂ ਰਹੀ। ਇਸ ਲਈ ਮੈਂ ਬਿਹਤਰ ਤਿਆਰੀਆਂ ਲਈ ਪੀਬੀਐੱਲ ਦੌਰਾਨ ਕੁੱਝ ਸਮਾਂ ਲੈਣਾ ਚਾਹਾਂਗੀ।’’ ਉਸ ਨੇ ਪੀਬੀਐੱਲ ’ਚ ਨਾ ਖੇਡਣ ਲਈ ਆਪਣੇ ਪ੍ਰਸ਼ੰਸਕਾਂ ਤੋਂ ਮੁਆਫ਼ੀ ਮੰਗੀ ਹੈ।