ਓਡੈਂਸੇ, ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਸਾਇਨਾ ਨੇਹਵਾਲ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਚੀਨੀ ਤਾਇਪੈ ਦੀ ਤੇਈ ਜ਼ੂ ਯਿੰਗ ਖ਼ਿਲਾਫ਼ ਪਿਛਲੇ ਚਾਰ ਸਾਲਾਂ ਤੋਂ ਜਿੱਤ ਹਾਸਲ ਨਾ ਕਰਨ ਦਾ ਸਿਲਸਿਲਾ ਨਹੀਂ ਤੋੜ ਸਕੀ। ਅੱਜ ਉਸ ਨੂੰ ਡੈਨਮਾਰਕ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿੱਚ ਯਿੰਗ ਤੋਂ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਸਾਇਨਾ ਦਾ ਇਸ ਹਾਰ ਨਾਲ 2012 ਮਗਰੋਂ ਇੱਥੇ ਦੂਜੀ ਵਾਰ ਚੈਂਪੀਅਨ ਬਣਨ ਦਾ ਸੁਪਨਾ ਟੁੱਟ ਗਿਆ। ਵਿਸ਼ਵ ਦੀ ਨੰਬਰ ਇੱਕ ਖਿਡਾਰਨ ਅਤੇ ਸਿਖ਼ਰਲਾ ਦਰਜਾ ਪ੍ਰਾਪਤ ਜ਼ੂ ਯਿੰਗ ਨੇ ਸਾਇਨਾ ਨੂੰ 52 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-13, 13-21, 21-16 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ।
ਵਿਸ਼ਵ ਦੀ ਦਸਵੇਂ ਨੰਬਰ ਦੀ ਖਿਡਾਰਨ ਸਾਇਨਾ ਦਾ ਇਸ ਹਾਰ ਮਗਰੋਂ ਯਿੰਗ ਖ਼ਿਲਾਫ਼ ਹਾਰ ਜਿੱਤ ਦਾ ਰਿਕਾਰਡ 5-13 ਹੋ ਗਿਆ ਹੈ। ਸਾਇਨਾ ਨੇ ਨਵੰਬਰ 2014 ਤੋਂ ਹੁਣ ਤਕ ਯਿੰਗ ਤੋਂ ਆਪਣੇ ਪਿਛਲੇ 11 ਮੁਕਾਬਲੇ ਗੁਆਏ ਹਨ। ਸਾਇਨਾ ਨੇ ਆਖ਼ਰੀ ਵਾਰ ਯਿੰਗ ਨੂੰ ਮਾਰਚ 2013 ਵਿੱਚ ਸਵਿਸ ਓਪਨ ਵਿੱਚ ਹਰਾਇਆ ਸੀ। ਉਦੋਂ ਸਾਇਨਾ ਅੱਵਲ ਨੰਬਰ ਖਿਡਾਰਨ ਸੀ, ਜਦਕਿ ਯਿੰਗ ਛੇਵੇਂ ਸਥਾਨ ’ਤੇ ਸੀ। ਉਸ ਤੋਂ ਬਾਅਦ ਯਿੰਗ ਦਾ ਕੱਦ ਲਗਾਤਾਰ ਉੱਚਾ ਹੁੰਦਾ ਗਿਆ। ਸਾਇਨਾ ਨੂੰ ਯਿੰਗ ਤੋਂ 2018 ਵਿੱਚ ਪੰਜ ਵਾਰ ਹਾਰ ਮਿਲੀ ਹੈ। ਯਿੰਗ ਨੇ ਇਸ ਸਾਲ ਸਾਇਨਾ ਨੂੰ ਇਸ ਤੋਂ ਪਹਿਲਾਂ ਏਸ਼ਿਆਈ ਖੇਡਾਂ, ਏਸ਼ਿਆਈ ਚੈਂਪੀਅਨਸ਼ਿਪ, ਆਲ ਇੰਗਲੈਂਡ ਚੈਂਪੀਅਨਸ਼ਿਪ ਅਤੇ ਇੰਡੋਨੇਸ਼ੀਆ ਮਾਸਟਰਜ਼ ਵਿੱਚ ਹਰਾਇਆ ਸੀ। ਡੈਨਮਾਰਕ ਓਪਨ ਦੇ ਫਾਈਨਲ ਵਿੱਚ ਯਿੰਗ ਨੇ ਪਹਿਲੇ ਗੇਮ ਵਿੱਚ ਲਗਾਤਾਰ ਪੰਜ ਅੰੰਕ ਲੈ ਕੇ 6-1 ਦੀ ਲੀਡ ਬਣਾਈ ਅਤੇ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਉਸ ਨੇ ਲਗਾਤਾਰ ਆਪਣੀ ਲੀਡ ਮਜ਼ਬੂਤ ਕਰਦਿਆਂ ਪਹਿਲੀ ਗੇਮ 21-13 ਦੇ ਫ਼ਰਕ ਨਾਲ ਜਿੱਤ ਲਈ। ਦੂਜੀ ਗੇਮ ਵਿੱਚ ਸਾਇਨਾ ਨੇ ਹੈਰਾਨੀਜਨਕ ਵਾਪਸੀ ਕਰਦਿਆਂ 5-2 ਦੀ ਲੀਡ ਬਣਾਈ ਅਤੇ ਫਿਰ 8-3, 12-5, 18-9 ਨਾਲ ਅੱਗੇ ਰਹਿੰਦਿਆਂ 21-13 ’ਤੇ ਦੂਜੀ ਗੇਮ ਖ਼ਤਮ ਕਰਕੇ ਮੈਚ ਵਿੱਚ ਬਰਾਬਰੀ ਹਾਸਲ ਕਰ ਲਈ। ਦੂਜੀ ਗੇਮ ਵਿੱਚ ਸਾਇਨਾ ਦੀ ਖੇਡ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਹ ਲਗਾਤਾਰ ਦਸ ਹਾਰਾਂ ਦਾ ਸਿਲਸਿਲਾ ਤੋੜ ਦੇਵੇਗੀ, ਪਰ ਯਿੰਗ ਦੇ ਇਰਾਦੇ ਮਜ਼ਬੂਤ ਸਨ।
ਫ਼ੈਸਲਾਕੁਨ ਗੇਮ ਵਿੱਚ ਯਿੰਗ ਨੇ ਆਪਣੀ ਸਰਵਿਸ, ਸ਼ਾਟ ਅਤੇ ਨੈਟ ਪਲੇਅ ਨਾਲ ਸਾਇਨਾ ਨੂੰ ਚਿੱਤ ਕਰ ਦਿੱਤਾ। ਉਸ ਨੇ ਲਗਾਤਾਰ ਨੌਂ ਅੰਕ ਲੈ ਕੇ 11-2 ਦੀ ਲੀਡ ਬਣਾਉਣ ਦੇ ਨਾਲ ਭਾਰਤੀ ਖਿਡਾਰਨ ਦੀ ਚੁਣੌਤੀ ਖ਼ਤਮ ਕਰ ਦਿੱਤੀ। ਸਾਇਨਾ ਫ਼ੈਸਲਾਕੁਨ ਗੇਮ ਵਿੱਚ ਢੇਰੀ ਢਾਹ ਬੈਠੀ ਅਤੇ ਇਸ ਗੇਮ ਨੂੰ 6-21 ਨਾਲ ਹਾਰ ਗਈ। ਸਾਇਨਾ ਲਈ ਇਸ ਸਾਲ ਇਹ ਪੰਜਵਾਂ ਟੂਰਨਾਮੈਂਟ ਹੈ, ਜਿੱਥੇ ਉਹ ਉਪ ਜੇਤੂ ਬਣੀ। ਡੈਨਮਾਰਕ ਓਪਨ ਤੋਂ ਪਹਿਲਾਂ ਉਹ ਇੰਡੋਨੇਸ਼ੀਆ ਮਾਸਟਰਜ਼, ਆਲ ਇੰਗਲੈਂਡ ਚੈਂਪੀਅਨਜ਼, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਅਤੇ ਇੰਡੋਨੇਸ਼ੀਆ ਵਿੱਚ ਹੋਈਆਂ ਏਸ਼ਿਆਈ ਖੇਡਾਂ ਵਿੱਚ ਉਪ ਜੇਤੂ ਰਹੀ ਸੀ।