ਕੁਆਲਾਲੰਪੁਰ, 9 ਜਨਵਰੀ
ਐੱਚਐੱਸ ਪ੍ਰਣਯ ਨੇ ਵਿਸ਼ਵ ਵਿੱਚ ਦਸਵੇਂ ਨੰਬਰ ਦੇ ਖਿਡਾਰੀ ਕੈਂਤਾ ਸੁਨੇਯਾਮਾ ਨੂੰ ਹਰਾ ਕੇ ਮਹਿਲਾ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨਾਲ ਅੱਜ ਇੱਥੇ ਮਲੇਸ਼ੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਵਿੱਚ 26ਵੇਂ ਨੰਬਰ ਦੇ ਖਿਡਾਰੀ ਪ੍ਰਣਯ ਨੇ ਪਹਿਲੇ ਗੇੜ ਦੇ ਮੈਚ ਵਿੱਚ ਸੁਨੇਯਾਮਾ ਨੂੰ ਸਿਰਫ਼ 34 ਮਿੰਟ ਵਿੱਚ 21-9, 21-17 ਨਾਲ ਸ਼ਿਕਸਤ ਦਿੱਤੀ। ਪ੍ਰਣਯ ਨੂੰ ਹਾਲਾਂਕਿ ਵੀਰਵਾਰ ਨੂੰ ਦੂਜੇ ਗੇੜ ਵਿੱਚ ਵਿਸ਼ਵ ਦੇ ਅੱਵਲ ਨੰਬਰ ਖਿਡਾਰੀ ਜਾਪਾਨ ਦੇ ਕੈਂਤੋ ਮੋਮੋਤਾ ਦਾ ਸਾਹਮਣਾ ਕਰਨਾ ਹੋਵੇਗਾ, ਜੋ ਬਿਹਰਤੀਨ ਲੈਅ ਵਿੱਚ ਚੱਲ ਰਿਹਾ ਹੈ। ਮੋਮੋਤਾ ਨੇ ਇੱਕ ਹੋਰ ਭਾਰਤੀ ਪਾਰੂਪੱਲੀ ਕਸ਼ਿਅਪ ਨੂੰ 43 ਮਿੰਟ ਵਿੱਚ 21-17, 21-16 ਨਾਲ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕੀਤਾ।
ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਬੀ ਸਾਈ ਪ੍ਰਣੀਤ ਅਤੇ ਕਿਦਾਂਬੀ ਸ੍ਰੀਕਾਂਤ ਨੂੰ ਵੀ ਪੁਰਸ਼ ਸਿੰਗਲਜ਼ ’ਚ ਬਾਹਰ ਦਾ ਰਸਤਾ ਵੇਖਣਾ ਪਿਆ। ਮੌਜੂਦਾ ਵਿਸ਼ਵ ਚੈਂਪੀਅਨ ਅਤੇ ਛੇਵਾਂ ਦਰਜਾ ਪ੍ਰਾਪਤ ਸਿੰਧੂ ਨੇ ਪਹਿਲੇ ਗੇੜ ਵਿੱਚ ਰੂਸ ਦੀ ਯੇਵਗੇਨੀਆ ਕੋਸੇਤਸਕਾਇਆ ਨੂੰ ਸਿਰਫ਼ 35 ਮਿੰਟ ਵਿੱਚ 21-15, 21-13 ਨਾਲ ਹਰਾਇਆ। ਲੰਡਨ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਸਾਇਨਾ ਨੇ ਬੈਲਜੀਅਮ ਦੀ ਲਿਆਨ ਟੇਨ ਨੂੰ ਸਿਰਫ਼ 36 ਮਿੰਟ ਵਿੱਚ 21-15, 21-17 ਨਾਲ ਮਾਤ ਦਿੱਤੀ। ਇਹ ਦੋਵੇਂ ਖਿਡਾਰਨਾਂ ਪਹਿਲੀ ਵਾਰ ਆਹਮੋ-ਸਾਹਮਣੇ ਹੋਈਆਂ ਸਨ। ਸਿੰਧੂ ਅਤੇ ਸਾਇਨਾ ਦੋਵੇਂ ਪਿਛਲੇ ਕੁੱਝ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਹੀਆਂ ਸਨ ਅਤੇ ਕਈ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿੱਚੋਂ ਹੀ ਬਾਹਰ ਹੋ ਗਈਆਂ ਸਨ।
ਇਸ ਤੋਂ ਪਹਿਲਾਂ ਪ੍ਰਣੀਤ ਨੂੰ ਇਸ ਸੁਪਰ 500 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਡੈੱਨਮਾਰਕ ਦੇ ਰਾਸਮੁਸ ਗੇਮਕੇ ਖ਼ਿਲਾਫ਼ 11-21, 15-21 ਨਾਲ ਹਾਰ ਝੱਲਣੀ ਪਈ ਸੀ। ਸ੍ਰੀਕਾਂਤ ਨੂੰ ਦੂਜਾ ਦਰਜਾ ਪ੍ਰਾਪਤ ਚੀਨੀ ਤਾਇਪੈ ਦੇ ਚਾਓ ਟੀਅਨ ਚੇਨ ਖ਼ਿਲਾਫ਼ ਸਿਰਫ਼ 30 ਮਿੰਟ ਵਿੱਚ 17-21, 5-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ।