ਵੁਹਾਨ (ਚੀਨ), 26 ਅਪਰੈਲ
ਭਾਰਤੀ ਬੈਡਮਿੰਟਨ ਖਿਡਾਰਨਾਂ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।
ਲੰਡਨ ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਇਨਾ ਨੇ 38 ਮਿੰਟਾਂ ਤੱਕ ਚੱਲੇ ਮੁਕਾਬਲੇ ਵਿੱਚ ਕੋਰੀਆ ਦੀ ਕਿਮ ਗਾ ਯੁਨ ਨੂੰ ਹਰਾਇਆ। ਹੁਣ ਉਹ ਤੀਜਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਖੇਡੇਗੀ। ਉੱਥੇ ਹੀ ਚੌਥਾ ਦਰਜਾ ਪ੍ਰਾਪਤ ਸਿੰਧੂ ਨੇ 33 ਮਿੰਟਾਂ ਵਿੱਚ ਇੰਡੋਨੇਸ਼ੀਆ ਦੀ ਚੋਈਰੂਨਿੱਸਾ ਨੂੰ 21-15, 21-19 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਚੀਨ ਦੀ ਗੈਰ ਦਰਜਾ ਪ੍ਰਾਪਤ ਕੇਈ ਯੇਨਯਾਨ ਨਾਲ ਹੋਵੇਗਾ।
ਪੁਰਸ਼ ਸਿੰਗਲਜ਼ ਵਿੱਚ ਸਮੀਰ ਵਰਮਾ ਨੇ ਹਾਂਗਕਾਂਗ ਦੇ ਐਂਗ ਦਾ ਲੌਂਗ ਐਂਗਸ ਨੂੰ 21-12, 21-19 ਨਾਲ ਹਰਾਇਆ। ਹੁਣ ਉਹ ਦੂਜਾ ਦਰਜਾ ਪ੍ਰਾਪਤ ਚੀਨ ਦੀ ਸ਼ੀ ਯੁਕੀ ਨਾਲ ਖੇਡੇਗਾ। ਮਿਕਸਡ ਡਬਲਜ਼ ’ਚ ਭਾਰਤ ਦੇ ਉਤਕਰਸ਼ ਅਰੋੜ ਤੇ ਕ੍ਰਿਸ਼ਮਾ ਵਾਡਕਰ ਦੂਜੇ ਗੇੜ ’ਚ ਇੰਡੋਨੇਸ਼ੀਆ ਦੇ ਹਫੀਜ਼ ਫ਼ੈਜ਼ਲ ਅਤੇ ਗਲੋਰੀਆ ਇਮੈਨੁਅਲ ਤੋਂ 10-21, 15-21 ਤੋਂ ਹਾਰ ਗਏ। ਵੈਂਕਟ ਗੌਰਵ ਪ੍ਰਸਾਦ ਤੇ ਜੂਹੀ ਦੇਵਾਂਗਨ ਨੂੰ ਦੂਜੇ ਗੇੜ ’ਚ ਚੀਨ ਦੀ ਯਿਯਲੂ ਵਾਂਗ ਅਤੇ ਡੌਂਗਪਿੰਗ ਹੁਆਂਗ ਨੇ 21-10, 21-9 ਨਾਲ ਹਰਾਇਆ।