ਨਵੀਂ ਦਿੱਲੀ, 30 ਜਨਵਰੀ
ਸਾਇਨਾ ਨੇਹਵਾਲ ਦੇ ਸਾਬਕਾ ਕੋਚ ਵਿਮਲ ਕੁਮਾਰ ਦਾ ਮੰਨਣਾ ਹੈ ਕਿ ਉਹ ਮਾਨਸਿਕ ਤੌਰ ’ਤੇ ਦੇਸ਼ ਦੀ ਸਭ ਤੋਂ ਮਜ਼ਬੂਤ ਖ਼ਿਡਾਰਨ ਹੈ ਅਤੇ ਇੰਨ੍ਹੇ ਲੰਮੇ ਕਰੀਅਰ ਦਾ ਰਾਜ ਸੱਟਾਂ ਤੋਂ ਉਭਰ ਕੇ ਵਾਪਸੀ ਕਰਨ ਦੀ ਉਸ ਦੀ ਸਮਰੱਥਾ ਹੈ। ਸਾਇਨਾ ਬੀਤੇ ਸਾਲ ਜ਼ਖ਼ਮੀ ਹੋ ਗਈ ਸੀ, ਪਰ ਵਾਪਸੀ ਕਰਕੇ ਉਸ ਨੇ ਇੰਡੋਨੇਸ਼ੀਆ ਮਾਸਟਰਜ਼ ਖ਼ਿਤਾਬ ਜਿੱਤਿਆ। ਹਾਲਾਂਕਿ ਟੂਰਨਾਮੈਂਟ ਵਿੱਚ ਅੱਗੇ ਚੱਲ ਰਹੀ ਕੈਰੋਲੀਨਾ ਮਾਰਿਨ ਨੇ ਪੈਰ ਦੀ ਸੱਟ ਕਾਰਨ ਫਾਈਨਲ ਮੈਚ ਛੱਡ ਦਿੱਤਾ ਸੀ। 2014 ਤੋਂ 2017 ਤੱਕ ਸਾਇਨਾ ਦੇ ਕੋਚ ਰਹੇ ਵਿਮਲ ਨੇ ਕਿਹਾ, ‘‘ਉਹ ਮਾਨਸਿਕ ਤੌਰ ’ਤੇ ਮਜ਼ਬੂਤ ਹੈ। ਪੁਰਸ਼ ਖਿਡਾਰੀਆਂ ਤੋਂ ਵੀ ਵੱਧ।’’ ਉਸ ਨੇ ਕਿਹਾ, ‘‘ਕੋਰਟ ’ਤੇ ਖੇਡਣ ਮੌਕੇ ਉਹ ਜ਼ਿਆਦਾ ਨਹੀਂ ਸੋਚਦੀ। ਉਸ ਨੂੰ ਇਸ ਨਾਲ ਵੀ ਫ਼ਰਕ ਨਹੀਂ ਪੈਂਦਾ ਕਿ ਉਸ ਨੂੰ ਦਰਦ ਹੋ ਰਿਹਾ ਹੈ। ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਵਿਰੋਧੀਆਂ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੀ ਹੈ।’’ ਵਿਮਲ ਦਾ ਮੰਨਣਾ ਹੈ ਕਿ ਮਾਰਿਨ ਅਤੇ ਦੁਨੀਆ ਦੀ ਅੱਵਲ ਨੰਬਰ ਖਿਡਾਰਨ ਤਾਇ ਜ਼ੂ ਸਿੰਗ ਦੇ ਜ਼ਖ਼ਮੀ ਹੋਣ ਕਾਰਨ ਸਾਇਨਾ ਅਤੇ ਪੀਵੀ ਸਿੰਧੂ ਕੋਲ ਆਲ ਇੰਗਲੈਂਡ ਖ਼ਿਤਾਬ ਜਿੱਤਣ ਦਾ ਸੁਨਹਿਰਾ ਮੌਕਾ ਹੈ। ਮਾਰਚ ਵਿੱਚ 29 ਸਾਲ ਦੀ ਹੋਣ ਜਾ ਰਹੀ ਸਾਇਨਾ ਸਿਖਰਲੇ ਦਸ ਵਿੱਚ ਸਭ ਤੋਂ ਵੱਧ ਉਮਰ ਦੀ ਖਿਡਾਰਨ ਹੈ। ਉਸ ਨੇ ਕਿਹਾ, ‘‘ਕੈਰੋਲੀਨਾ ਨੂੰ ਸੱਟ ਤੋਂ ਉਭਰਨ ਵਿੱਚ ਪੰਜ-ਛੇ ਮਹੀਨੇ ਲੱਗਣਗੇ ਇਸ ਲਈ ਆਲ ਇੰਗਲੈਂਡ ਵਿੱਚ ਮੁਕਾਬਲਾ ਖੁੱਲ੍ਹਾ ਹੋਵੇਗਾ। ਕੈਰੋਲੀਨਾ ਅਤੇ ਤਾਇ ਜ਼ੂ ਮਜ਼ਬੂਤ ਦਾਅਵੇਦਾਰ ਸਨ। ਹੁਣ ਸਾਇਨਾ ਅਤੇ ਸਿੰਧੂ ਕੋਲ ਸੁਨਿਹਰਾ ਮੌਕਾ ਹੈ।’’