ਸਾਂਬਾ/ਜੰਮੂ, 13 ਜੂਨ
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਖੇਤਰ ਦੇ ਇਕ ਪਿੰਡ ਵਿੱਚ ਦੋ ਨੌਜਵਾਨਾਂ ’ਤੇ ਫਾਇਰਿੰਗ ਦੀ ਘਟਨਾ ਮਗਰੋਂ ਪੁਲੀਸ ਨੇ ਪੰਜਾਬ ਨਾਲ ਸਬੰਧਿਤ ਤਿੰਨ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਸਤਿੰਦਰਪਾਲ ਸਿੰਘ ਤੇ ਜਗਪ੍ਰੀਤ ਵਾਸੀਆਨ ਤਰਨ ਤਾਰਨ ਅਤੇ ਸੰਨੀ ਕੁਮਾਰ ਵਾਸੀ ਅੰਮ੍ਰਿਤਸਰ ਦੀ ਨਿਸ਼ਾਨਦੇਹੀ ’ਤੇ ਕਰੋੜਾਂ ਰੁਪਏ ਦੀ ਕੀਮਤ ਦੀ 2.8 ਕਿਲੋ ਹੈਰੋਇਨ ਬਰਾਮਦ ਕੀਤੀ ਗਈ।

ਸੀਨੀਅਰ ਸੁਪਰਡੈਂਟ ਆਫ ਪੁਲੀਸ (ਐਸਐਸਪੀ) ਬੇਨਾਮ ਤੋਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਦੋਵਾਂ ਧੜਿਆਂ ਵਿਚਾਲੇ ਲੜਾਈ ਹੋ ਗਈ। ਇਸ ਦੌਰਾਨ ਮੁਲਜ਼ਮਾਂ ਨੇ ਦੋ ਨੌਜਵਾਨਾਂ ’ਤੇ ਗੋਲੀ ਚਲਾ ਦਿੱਤੀ ਜਿਸ ਮਗਰੋਂ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੰਗੂਰ ਬੱਸ ਅੱਡੇ ਨੇੜੇ ਫਾਇਰਿੰਗ ਵਿੱਚ ਰਾਮਗੜ੍ਹ ਖੇਤਰ ਦੇ ਦੋ ਤੇ ਇਕ ਤਸਕਰ ਜ਼ਖ਼ਮੀ ਹੋ ਗਿਆ ਸੀ। ਐੱਸਐੱਸਪੀ ਨੇ ਦੱਸਿਆ,‘ਤਿੰਨ ਹੈਰੋਇਨ ਤਸਕਰਾਂ ਦੀ ਗ੍ਰਿਫ਼ਤਾਰੀ, ਪੁਲੀਸ ਦੀ ਵੱਡੀ ਪ੍ਰਾਪਤੀ ਹੈ, ਹੁਣ ਤੱਕ ਇਨ੍ਹਾਂ ਅਤਿਵਾਦੀਆਂ ਨਾਲ ਕੋਈ ਵੀ ਸਬੰਧ ਸਾਹਮਣੇ ਨਹੀਂ ਆਏ। ਤਸਕਰ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਲੈਣ ਆਏ ਸਨ ਜਾਂ ਦੇਣ, ਇਹ ਜਾਂਚ ਦਾ ਵਿਸ਼ਾ ਹੈ।’ ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਹੈਰੋਇਨ ਤਸਕਰ ਰੰਗੂਰ ਕੈਂਪ ਦੇ ਸਰਹੱਦੀ ਪਿੰਡ ਪੁੱਜੇ ਸਨ। ਇਸ ਦੌਰਾਨ ਕਾਰ ਲੰਘਾਉਣ ’ਤੇ ਸਥਾਨਕ ਨੌਜਵਾਨਾਂ ਨਾਲ ਬੋਲ ਬੁਲਾਰਾ ਹੋ ਗਿਆ। ਇਸ ਦੌਰਾਨ ਸਤਿੰਦਰਪਾਲ ਨੇ ਪਿਸਤੌਲ ਨਾਲ ਫਾਇਰ ਕਰ ਦਿੱਤਾ ਜਿਸ ਕਾਰਨ ਸੁਨੀਲ ਕੁਮਾਰ (21) ਤੇ ਐੱਸ ਕੁਮਾਰ (23) ਤੇ ਮੁਲਜ਼ਮਾਂ ਦਾ ਸਹਾਇਕ ਸੰਨੀ ਕੁਮਾਰ ਫੱਟੜ ਹੋ ਗਿਆ। ਉਨ੍ਹਾਂ ਦੱਸਿਆ ਕਿ ਸੰਨੀ ਸਣੇ ਤਸਕਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਨਾਕੇ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਜ਼ਖ਼ਮੀ ਨੂੰ ਮੁੱਢਲੀ ਸਹਾਇਤਾ ਮੁਹੱਈਆ ਕਰਵਾਉਣ ਮਗਰੋਂ ਜੰਮੂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ। ਉਨ੍ਹਾਂ ਦੱਸਿਆ ਕਿ ਉਹ ਤਸਕਰਾਂ ਨੂੰ ਘਟਨਾ ਵਾਲੀ ਥਾਂ ’ਤੇ ਲੈ ਕੇ ਗਏ ਜਿੱਥੋਂ 2.8 ਕਿਲੋ ਹੈਰੋਇਨ, ਮੈਗਜ਼ੀਨ ਸਣੇ ਪਿਸਤੌਲ, ਕੁਝ ਰੌਂਦ, 93200 ਨਕਦੀ ਤੇ ਚਾਰ ਮਹਿੰਗੇ ਮੋਬਾਈਲ ਫੋਨ ਬਰਾਮਦ ਕੀਤੇ ਗੲੇ। ਤੋਸ਼ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ।