ਜਗਰਾਉਂ, ਬਲਾਕ ਸਮਿਤੀ ਲਈ ਚਕਰ ਇਕੱਲੇ ਪਿੰਡ ਦਾ ਜ਼ੋਨ ਹੈ, ਜੋ ਐੱਸਸੀ ਪੁਰਸ਼ ਉਮੀਦਵਾਰ ਲਈ ਰਾਖਵਾਂ ਹੈ, ਜਿੱਥੋਂ ਛੇ ਸਤੰਬਰ ਨੂੰ ਪਿੰਡ ਦੀਆਂ ਸਾਰੀਆਂ ਸਿਆਸੀ ਧਿਰਾਂ ਵੱਲੋਂ ‘ਸਾਂਝਾ ਉਮੀਦਵਾਰ’ ਖੜ੍ਹਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਗੱਲ ’ਤੇ ਸਹਿਮਤੀ ਬਣ ਜਾਣ ਮਗਰੋਂ ਬਾਕਾਇਦਾ ਗ੍ਰਾਮ ਪੰਚਾਇਤ ਦੀ ਲੈਟਰ ਪੈਡ ’ਤੇ ਮਤਾ ਪਾਸ ਕਰਕੇ ਸਰਬਸੰਮਤੀ ਨਾਲ ਜੋਗਿੰਦਰ ਸਿੰਘ ਪੰਚ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਇਕੱਠ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਤੋਂ ਇਲਾਵਾ ਕਾਂਗਰਸ ਨਾਲ ਸਬੰਧਤ ਆਗੂ ਵੀ ਮੌਜੂਦ ਸਨ। ਪਿੰਡ ਵਾਸੀਆਂ ਦੇ ਇਸ ਫ਼ੈਸਲੇ ਦੀ ਚਾਰੇ ਪਾਸੇ ਸ਼ਲਾਘਾ ਹੋਈ ਹੈ, ਪਰ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਹਾਕਮ ਧਿਰ ਕਾਂਗਰਸ ਨੇ ਨਾਥ ਸਿੰਘ ਨਾਂ ਦਾ ਉਮੀਦਵਾਰ ਆਪਣੇ ਚੋਣ ਨਿਸ਼ਾਨ ਹੇਠ ਮੈਦਾਨ ਵਿੱਚ ਉਤਾਰ ਦਿੱਤਾ। ਪਿੰਡ ਦੀ ਬਹੁ-ਗਿਣਤੀ ਲਈ ਇਹ ਐਲਾਨ ਇਕ ਵੱਡਾ ਝਟਕਾ ਸੀ। ਉਸ ਤੋਂ ਬਾਅਦ ਕਾਂਗਰਸੀ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦੀ ਅਗਵਾਈ ਵਿੱਚ ਪਿੰਡ ਵਿੱਚ ਇਕੱਠ ਕਰ ਚੁੱਕੇ ਹਨ ਤੇ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਵੋਟਾਂ ਵੀ ਮੰਗੀਆਂ ਗਈਆਂ।
ਦੂਜੇ ਪਾਸੇ, ਪਿੰਡ ਵਾਸੀਆਂ ਨੇ ਦੋ ਵਾਰ ਵੱਡਾ ਇਕੱਠ ਕਰਕੇ ‘ਸਾਂਝੇ ਉਮੀਦਵਾਰ’ ਨੂੰ ਵੱਡੇ ਫਰਕ ਨਾਲ ਜਿਤਾਉਣ ਦਾ ਅਹਿਦ ਲਿਆ ਹੈ। ਸਰਪੰਚ ਮੇਜਰ ਸਿੰਘ ਤੇ ਕਿਸਾਨ ਆਗੂ ਬੂਟਾ ਸਿੰਘ ਚਕਰ ਦਾ ਕਹਿਣਾ ਸੀ ਕਿ ਪਿੰਡ ਦੀ ਪੰਜ ਹਜ਼ਾਰ ਦੇ ਕਰੀਬ ਵੋਟ ਹੈ। ਆਮ ਤੌਰ ’ਤੇ ਤਿੰਨ ਕੁ ਹਜ਼ਾਰ ਵੋਟ ਪੋਲ ਹੁੰਦੀ ਹੈ, ਪਰ ਐਤਕੀਂ ਪੰਜ-ਸੱਤ ਸੌ ਵੋਟ ਗੁੱਸੇ ਵਿੱਚ ਹੀ ਵਧੇਰੇ ਪੈਣ ਦੇ ਆਸਾਰ ਹਨ।
ਐਫਸੀਆਈ ਵਿੱਚ ਪੱਲੇਦਾਰ ਵਜੋਂ ਸੇਵਾਮੁਕਤ ਹੋਏ ਕਾਂਗਰਸੀ ਉਮੀਦਵਾਰ ਨਾਥ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੇ ਹੁਕਮ ਅਨੁਸਾਰ ਚੱਲੇ ਹਨ। ਉਸ ਦਾ ਸਾਥ ਦੇਣ ਵਾਲੇ ਕਾਂਗਰਸੀ ਵਰਕਰ ਨੀਟਾ ਪੰਡਤ ਅਤੇ ਸ਼ਿੰਦਾ ਚਕਰ ਵੀ ਪਾਰਟੀ ਦੇ ਨਾਂ ’ਤੇ ਪਿੰਡ ਵਿੱਚ ਵੋਟਾਂ ਮੰਗ ਰਹੇ ਹਨ। ਹਲਕਾ ਇੰਚਾਰਜ ਵਜੋਂ ਵਿਚਰਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪਾਰਟੀ ਵਰਕਰਾਂ ਦੀ ਇੱਛਾ ਤੇ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਮੌਕੇ ਜਮਹੂਰੀ ਹੱਕਾਂ ਦੇ ਕਾਰਕੁਨ ਪ੍ਰੋ. ਜਗਮੋਹਣ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਸਿਆਸੀ ਧਿਰਾਂ ਅਜਿਹੇ ਮੌਕਿਆਂ ’ਤੇ ‘ਸ਼ਤਰੰਜੀ ਚਾਲ’ ਖੇਡਦੀਆਂ ਹਨ।

ਨੌਜਵਾਨ ਉਮੀਦਵਾਰਾਂ ਨੂੰ ਸੋਸ਼ਲ ਮੀਡੀਆ ’ਤੇ ਟੇਕ

ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਵਿੱਚ ਐਤਕੀਂ ਨਵੇਂ ਰੰਗ-ਢੰਗ ਦੇਖਣ ਨੂੰ ਮਿਲ ਰਹੇ ਹਨ। ਪਹਿਲਾਂ ਤਾਂ ਹਾਕਮ ਧਿਰ ਸਮੇਤ ਹੋਰ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲ ਰਹੇ ਸਨ। ਕਈ ਜ਼ੋਨਾਂ ਵਿੱਚ ਪਹਿਲਾਂ ਕੋਈ ਉਮੀਦਵਾਰ ਐਲਾਨਿਆ, ਬਾਅਦ ਕੋਈ ਹੋਰ ਤੇ ਉਸ ਤੋਂ ਬਾਅਦ ਤੀਜੀ ਵਾਰ ਉਮੀਦਵਾਰ ਬਦਲੇ ਗਏ। ਬੜੀ ਮੁਸ਼ਕਿਲ ਨਾਲ ਭਾਲ ਭਾਲ ਕੇ ਟਿਕਟਾਂ ਦਿੱਤੀਆਂ, ਇਹ ਔਖ ਹਾਕਮਾਂ ਨੂੰ ਵੀ ਝੱਲਣੀ ਪਈ। ਔਰਤਾਂ ਲਈ ਰਾਖਵੇਂ ਹਲਕਿਆਂ ਵਿੱਚ ਇਹ ਦਿੱਕਤ ਵਧੇਰੇ ਆਈ। ਹੁਣ ਜਦੋਂ ਚੋਣ ਪ੍ਰਚਾਰ ਮਘਿਆ ਹੋਇਆ ਹੈ ਤਾਂ ਨੌਜਵਾਨ ਉਮੀਦਵਾਰਾਂ ਨੇ ਸੋਸ਼ਲ ਮੀਡੀਆ ’ਤੇ ਟੇਕ ਰੱਖੀ ਹੋਈ ਹੈ ਅਤੇ ਸਪੀਕਰਾਂ ਤੇ ਬੈਨਰਾਂ ਵਾਲੇ ਵਿਹਲੇ ਹੋਏ ਬੈਠੇ ਹਨ।