ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰ ਕੇ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਕਰਨ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਡਿਊਢੀ ਉੱਤੇ ਗੋਲੀਆਂ ਮਾਰਨ ਵਾਲੇ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ। ਜਥੇਦਾਰ ਨੂੰ ਮਿਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਵਿੱਚ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ, ਪਰਮਜੀਤ ਸਿੰਘ ਖ਼ਾਲਸਾ, ਅਮਰੀਕ ਸਿੰਘ ਵਛੋਆ ਅਤੇ ਰਵਿੰਦਰ ਸਿੰਘ ਖ਼ਾਲਸਾ ਸ਼ਾਮਲ ਸਨ।

ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਮੰਗ ਪੱਤਰ ’ਚ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ ’ਤੇ 4 ਦਸੰਬਰ ਨੂੰ ਨਰਾਇਣ ਸਿੰਘ ਨਾਂ ਦੇ ਵਿਅਕਤੀ ਵੱਲੋਂ ਕੀਤੇ ਗਏ ਹਮਲੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਡਿਊਢੀ ਦੇ ਥੰਮ੍ਹ ਉੱਪਰ ਗੋਲੀ ਲੱਗਣ ਨਾਲ ਮਨ ਨੂੰ ਦੁੱਖ ਪੁੱਜਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਜਿਥੇ ਸ੍ਰੀ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਤੌਹੀਨ ਹੈ, ਉਥੇ ਹੀ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਦੀ ਵੱਡੀ ਬੇਅਦਬੀ ਅਤੇ ਇਸ ਦੀ ਰੂਹਾਨੀਅਤ ਨੂੰ ਖੰਡਿਤ ਕਰਨ ਵਾਲੀ ਕੋਝੀ ਹਰਕਤ ਵੀ ਹੈ।
ਅਜਿਹੇ ਪਾਵਨ ਅਸਥਾਨ ਵੱਲ ਹਮਲਾ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਗਤ ਕੋਲੋਂ ਤਾਂ ਪਹਿਲਾਂ ਹੀ ਜੂਨ 1984 ਸਮੇਂ ਕਾਂਗਰਸ ਹਕੂਮਤ ਵੱਲੋਂ ਇਸ ਅਸਥਾਨ ਉਤੇ ਕੀਤੇ ਗਏ ਫੌਜੀ ਹਮਲੇ ਦਾ ਦਰਦ ਨਹੀਂ ਭੁੱਲਿਆ ਜਾ ਰਿਹਾ ਅਤੇ ਹੁਣ ਇਸ ਤਾਜ਼ਾ ਹਰਕਤ ਨਾਲ ਇਕ ਵਾਰ ਫਿਰ ਸਿੱਖਾਂ ਨੂੰ ਮਾਨਸਿਕ ਪੀੜਾ ਪੁੱਜੀ ਹੈ। ਗੋਲੀ ਲੱਗਣ ਨਾਲ ਹੋਈ ਬੇਅਦਬੀ ਦੇ ਪਸ਼ਚਾਤਾਪ ਅਤੇ ਗੁਰੂ ਸਾਹਿਬ ਤੋਂ ਮੁਆਫੀ ਇੱਕ ਲੋੜੀਂਦਾ ਅਮਲ ਅਪਣਾਇਆ ਜਾਣਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਅਹੁਦੇਦਾਰਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਪੰਜ ਸਿੰਘ ਸਾਹਿਬਾਨ ਇਸ ਮਾਮਲੇ ਉਤੇ ਵਿਚਾਰ ਕਰਨ ਅਤੇ ਘਿਨੌਣੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਪੰਥ ਵਿੱਚੋਂ ਛੇਕਣ ਲਈ ਲੋੜੀਂਦੀ ਕਾਰਵਾਈ ਕਰਨ।