ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਸ਼੍ਰੀਲੰਕਾ ਤੋਂ ਭਾਰਤ ਦੌਰੇ ‘ਤੇ ਆਏ 6 ‘ਚੋਂ 2 ਲੋਕਾਂ ਦੇ ਅਗਵਾ ਹੋਣ ਦਾ ਭੇਤ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ 2 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸ੍ਰੀਲੰਕਾਈ ਨਾਗਰਿਕ ਦੇ ਲੜਕੇ ਅਤੇ ਲੜਕੀ ਦੇ ਅਗਵਾ ਹੋਣ ਦੀ ਸ਼ਿਕਾਇਤ ਮਿਲੀ ਸੀ, ਜਿਸ ਨੂੰ ਕੁਝ ਘੰਟਿਆਂ ਵਿੱਚ ਸੁਲਝਾ ਲਿਆ ਗਿਆ। ਇਸ ਮਾਮਲੇ ‘ਚ ਸ਼ਾਮਿਲ 3 ਦੋਸ਼ੀਆਂ ‘ਚੋਂ 2 ਲੜਕਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਹਾਨ, ਕਾਰਬਿਕਾ, ਲਲਿਤ ਪ੍ਰਿਅੰਥਾ, ਕਨਿਸ਼ਕ, ਸੁਮਰਧਨ ਅਤੇ ਨੀਲੁਜਤਿਨ ਸ਼੍ਰੀਲੰਕਾ ਤੋਂ ਭਾਰਤ ਘੁੰਮਣ ਲਈ ਆਏ ਸਨ। ਇਸ ਦੌਰਾਨ ਦਿੱਲੀ ਵਿੱਚ ਉਨ੍ਹਾਂ ਨੂੰ ਇੱਕ ਸ਼੍ਰੀਲੰਕਾ ਦਾ ਲੜਕਾ ਅਸੀਥਾ ਮਿਲਿਆ, ਜਿਸ ਨੂੰ ਉਹ ਪਹਿਲੀ ਵਾਰ ਮਿਲੇ ਸਨ, ਜੋ ਉਹਨਾਂ ਨੂੰ ਵਿਦੇਸ਼ ਲੈਕੇ ਜਾਣ ਦਾ ਝਾਂਸਾ ਦਿੰਦਾ ਹੈ। ਜਿਸ ਤੋਂ ਬਾਅਦ ਇਹ ਲੋਕ ਵਰਕ ਵੀਜ਼ਾ ਲਵਾਉਣ ਦੇ ਲਈ ਅੰਮ੍ਰਿਤਸਰ ਪਹੁੰਚੇ ਅਤੇ ਇੱਕ ਨਿੱਜੀ ਹੋਟਲ ਦੇ ਵਿੱਚ ਰੁਕੇ। ਪੁਲਿਸ ਮੁਤਾਬਿਕ ਸ਼੍ਰੀਲੰਕਾ ਤੋਂ ਆਏ ਕੁੜੀ-ਮੁੰਡੇ ਨੂੰ ਵੀਜ਼ਾ ਲੱਗਣ ਦਾ ਭਰੋਸਾ ਦਿਵਾ ਕੇ ਕਿਡਨੈਪਰ ਆਪਣੇ ਨਾਲ ਲੈ ਗਏ ਅਤੇ ਦੋਵਾਂ ਨੂੰ ਕਿਸੇ ਹੋਰ ਨਿਜੀ ਹੋਟਲ ਦੇ ਵਿੱਚ ਕਿਡਨੈਪ ਕਰ ਲਿਆ। ਇਸ ਤੋਂ ਬਾਅਦ ਕਿਡਨੈਪ ਕੀਤੇ ਕੁੜੀ-ਮੁੰਡੇ ਦੇ ਬਾਕੀ 4 ਸਾਥੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਗਈ। ਮਾਮਲੇ ਦੀ ਭਣਕ ਲੱਗਣ ਉੱਤੇ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਫੋਨ ਰਾਹੀਂ ਕਿਡਨੈਪਰਾਂ ਨੂੰ ਟਰੇਸ ਕਰਦੇ ਹੋਏ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਪਹੁੰਚ ਕੀਤੀ। ਹੁਸ਼ਿਆਰਪੁਰ ਪੁਲਿਸ ਦੀ ਮਦਦ ਦੇ ਨਾਲ ਦੇਹਾਤੀ ਇਲਾਕੇ ਦੇ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਦੋਵਾਂ ਦੀ ਮੁਲਜ਼ਮਾਂ ਦੀ ਪਹਿਚਾਣ ਅੰਕਿਤ ਅਤੇ ਇੰਦਰਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਅੰਕਿਤ ਪਹਿਲਾਂ ਵੀ ਵਿਦੇਸ਼ ਤੋਂ ਡਿਪੋਰਟ ਹੋ ਕੇ ਭਾਰਤ ਆਇਆ ਹੈ ਅਤੇ ਇਹਨਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਲੰਕਾ ਤੋਂ ਆਏ ਸਿਟੀਜਨ ਬਿਲਕੁਲ ਠੀਕ ਹਨ ਅਤੇ ਪੁਲਿਸ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।