ਨਵੀ ਦਿੱਲੀ : ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਬਾਹਰਵਾਰ ਸ਼ਨੀਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਸੀ.ਆਰ.ਪੀ.ਐੱਫ. (ਕੇਂਦਰੀ ਰਿਜ਼ਰਵ ਪੁਲਿਸ ਬਲ) ਦਾ ਇੱਕ ਮੋਬਾਈਲ ਬੰਕਰ ਵਾਹਨ ਨਦੀ ਵਿੱਚ ਜਾ ਡਿੱਗਿਆ, ਇਸ ਹਾਦਸੇ ‘ਚ ਸੱਤ ਜਵਾਨ ਜ਼ਖਮੀ ਹੋ ਗਏ। ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਅਤੇ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਅਤੇ ਵੱਡੇ ਪੱਧਰ ‘ਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸ਼੍ਰੀਨਗਰ ਦੇ ਬਾਹਰੀ ਇਲਾਕੇ ਅਹਿਮਦਨਗਰ, ਡਗਪੋਰਾ-ਉਮਰਹੈਰ ਰੋਡ ‘ਤੇ ਵਾਪਰਿਆ।
ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੀ.ਆਰ.ਪੀ.ਐੱਫ. ਦਾ ਵਾਹਨ ਡਗਪੋਰਾ ਰੋਡ ਤੋਂ ਗੁਜ਼ਰ ਰਿਹਾ ਸੀ। ਅਚਾਨਕ ਚਾਲਕ ਨੇ ਗੱਡੀ ਤੋਂ ਕੰਟਰੋਲ ਖੋ ਦਿੱਤਾ, ਜਿਸ ਕਾਰਨ ਬੁਲੇਟਪਰੂਫ ਬੰਕਰ ਸੜਕ ਤੋਂ ਫਿਸਲ ਕੇ ਸਿੱਧਾ ਨਾਲ ਲੱਗਦੀ ਨਹਿਰ ਵਿੱਚ ਪਲਟ ਗਿਆ। ਪਹਿਲਾਂ ਖ਼ਬਰ ਸੀ ਕਿ 9 ਜਵਾਨ ਜ਼ਖਮੀ ਹੋਏ ਹਨ, ਪਰ ਤਾਜ਼ਾ ਜਾਣਕਾਰੀ ਅਨੁਸਾਰ ਕੁੱਲ 7 ਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।
ਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਸਾਰੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (SKIMS), ਸੌਰਾ ਲਿਜਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦੀ ਮੌਜੂਦਾ ਹਾਲਤ ਬਾਰੇ ਅਜੇ ਤੱਕ ਕੋਈ ਵਿਸਤ੍ਰਿਤ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਸ ਹਾਦਸੇ ਵਿੱਚ ਨਾਗਿੰਦਰ ਸਿੰਘ (36 ਸਾਲ), ਅਜੀਤ ਕੁਮਾਰ ਰਾਮ (36 ਸਾਲ), ਰਾਜ ਕਿਸ਼ੋਰ ਰਾਏ (40 ਸਾਲ), ਅਮਿਤ ਕੁਮਾਰ ਯਾਦਵ (38 ਸਾਲ), ਰਾਜਧਨ ਰਾਮ (55 ਸਾਲ), ਮੰਕਰ ਕੁਮਾਰ (40 ਸਾਲ), ਨੀਰਜ ਕੁਮਾਰ (45 ਸਾਲ) ਜ਼ਖਮੀ ਹਨ।














