ਮੁੰਬਈ:ਬੌਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦਾ ਯੋਗ ਪ੍ਰਤੀ ਪਿਆਰ ਜੱਗ ਜ਼ਾਹਰ ਹੈ। ਉਹ ਸੋਸ਼ਲ ਮੀਡੀਆ ’ਤੇ ਵਰਕਆਊਟ ਕਰਦਿਆਂ ਦੀ ਆਪਣੀ ਵੀਡੀਓਜ਼ ਪਾਉਂਦੀ ਰਹਿੰਦੀ ਹੈ ਤੇ ਆਪਣੇ ਪ੍ਰਸ਼ੰਸਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਦੀ ਰਹਿੰਦੀ  ਹੈ। ਇਸ ਕੌਮਾਂਤਰੀ ਯੋਗ ਦਿਵਸ ’ਤੇ ਉਸ ਨੇ ਆਪਣੀ ਐਪ ਵਿੱਚ ਇੱਕ ਵਿਸ਼ੇਸ਼ ਬਿਲਟ-ਇਨ ਏ-1 ਫੀਚਰ ਜਾਰੀ ਕੀਤਾ ਹੈ ਜੋ ਯੋਗ ਕਰਨ ਵਾਲਿਆਂ ਨੂੰ ਸਹੀ ਮੁਦਰਾ ਵਿੱਚ ਯੋਗ ਕਰਨ ਦੇ ਸਮਰੱਥ ਬਣਾਏਗਾ ਤੇ ਉਨ੍ਹਾਂ ਦੀ ਨਿਗਰਾਨੀ ਕਰੇਗਾ। ਸ਼ਿਲਪਾ ਦਾ ਕਹਿਣਾ ਹੈ ਕਿ ਉਸ ਨੇ ਇਹ ਫੀਚਰ ਇਸ ਲਈ ਬਣਾਇਆ ਹੈ ਕਿਉਂਕਿ ਉਸ ਦੀ ਐਪ ਦੀ ਵਰਤੋਂ ਕਰਨ ਵਾਲਿਆਂ ਨੇ ਉਸ ਤੋਂ ਪੁੱਛਿਆ ਸੀ ਕਿ ਯੋਗ ਕਰਦੇ ਸਮੇਂ ਉਹ ਸਹੀ ਮੁਦਰਾ ਕਿਵੇਂ ਰੱਖਣ। ਉਸ ਨੂੰ ਸਵਾਲ ਪੁੱਛੇ ਗਏ ਕਿ ਕੀ ਯੋਗ ਕਰਦਿਆਂ ਦੀ ਉਨ੍ਹਾਂ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ। ਇਸ ਸਮੱਸਿਆ ਦਾ ਹੱਲ ਹੁਣ ਆਰਟੀਫੀਸ਼ਲ ਇੰਟੈਲੀਜੈਂਸ ਨਾਲ  ਸੰਭਵ ਹੈ। ਉਹ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਹ ਦੱਸਦੀ ਹੈ ਕਿ ਜਦੋਂ ਉਹ ਤਣਾਅ ਵਿਚ ਹੁੰਦੀ ਹੈ ਤਾਂ ਉਹ ਅੱਠ ਵਾਰ ਡੂੰਘੇ ਸਾਹ ਲੈਂਦੀ ਹੈ ਤੇ ਉਸ ਦਾ ਤਣਾਅ ਠੀਕ ਹੋ ਜਾਂਦਾ ਹੈ।