ਸਮਾਲਸਰ (ਬਿਊਰੋ ਰਿਪੋਰਟ) ਅਧਿਆਪਨ, ਸਾਹਿਤ ਤੇ ਸਮਾਜ ਸੇਵਾ ਵਿਚ ਵਡਮੁੱਲੇ ਯੋਗਦਾਨ ਬਦਲੇ ਮਿਲਿਆ ਸਨਮਾਨ
ਬੀਤੇ ਦਿਨੀਂ ਡਾਇਨਾਮਿਕ ਗਰੁੱਪ ਆਫ਼ ਰੰਘਰੇਟਾਜ਼ ਵੱਲੋਂ ਹੋਟਲ ਹੈਵਨ ਬਲਊ ਸ੍ਰੀ ਅੰਮ੍ਰਿਤਸਰ ਵਿਖੇ ਕੀਤੇ ਗਏ ਸਲਾਨਾ ਸਮਾਗਮ ਦੌਰਾਨ ਨੌਜਵਾਨ ਸ਼ਾਇਰ ਤੇ ਹੈੱਡਮਾਸਟਰ ਚਰਨਜੀਤ ਸਮਾਲਸਰ ਦਾ ‘ਭਾਈ ਜੈਤਾ ਜੀ ਅਵਾਰਡ’ ਨਾਲ਼ ਸਨਮਾਨ ਕੀਤਾ ਗਿਆ। ਇਹ ਸਮਾਗਮ ਡਾਇਨਾਮਿਕ ਗਰੁੱਪ ਆਫ਼ ਰੰਘਰੇਟਾਜ਼ ਦੇ ਚੀਫ਼ ਆਰਗੇਨਾਈਜ਼ਰ ਗੁਰਦੇਵ ਸਿੰਘ ਸਹੋਤਾ ਆਈ.ਪੀ.ਐਸ.ਅਤੇ ਏ.ਡੀ.ਜੀ.ਪੀ. (ਰਿਟਾਇਰਡ) ਦੀ ਅਗਵਾਈ ਹੇਠ ਹੋਇਆ। ਸਮਾਗਮ ਦੌਰਾਨ ਜਿੱਥੇ 200 ਤੋਂ ਵੱਧ ਵਿਦਿਆਰਥੀਆਂ ਨੂੰ ਟੈਸਟ ਉਪਰੰਤ ਚੰਗੇ ਨੰਬਰ ਲੈਣ ‘ਤੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਅਧਿਆਪਨ, ਸਾਹਿਤ ਤੇ ਸਮਾਜ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਬਦਲੇ ਬਾਰਾਂ ਸਖਸ਼ੀਅਤਾਂ ਦਾ ‘ਭਾਈ ਜੈਤਾ ਜੀ ਅਵਾਰਡ’ ਨਾਲ ਸਨਮਾਨ ਕੀਤਾ ਗਿਆ ਜਿਨ੍ਹਾਂ ਵਿਚ ਅਧਿਆਪਕ, ਪ੍ਰੋਫ਼ੈਸਰ, ਲੈਕਚਰਾਰ, ਹੈੱਡਮਾਸਟਰ ਅਤੇ ਪ੍ਰਿੰਸੀਪਲ ਸਨ। ਜਿਸ ਵਿਚ ਮੋਗੇ ਜਿਲ੍ਹੇ ਦੇ ਪਿੰਡ ਸਮਾਲਸਰ ਤੋਂ ਚਰਚਿਤ ਸ਼ਾਇਰ ਤੇ ਹੈੱਡਮਾਸਟਰ ਚਰਨਜੀਤ ਸਮਾਲਸਰ ਨੂੰ ਵੀ ਅਧਿਆਪਨ, ਸਾਹਿਤ ਅਤੇ ਸਮਾਜ ਸੇਵਾ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਬਦਲੇ ਸਨਮਾਨਿਤ ਕੀਤਾ ਗਿਆ। ਚਰਨਜੀਤ ਸਮਾਲਸਰ ਨੂੰ ਇਹ ਸਨਮਾਨ ਮਿਲਣ ਤੋਂ ਬਾਅਦ ਸਿਰਫ਼ ਜ਼ਿਲ੍ਹਾ ਮੋਗਾ ਜਾਂ ਮਾਲਵਾ ਖਿੱਤੇ ਦੇ ਹੀ ਨਹੀਂ ਬਲਕਿ ਪੰਜਾਬ ਦੇ ਅਧਿਆਪਕਾਂ ਹੈੱਡਮਾਸਟਰਾਂ,ਸਾਹਿਤਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਿਚ ਖ਼ੁਸ਼ੀ ਦੀ ਲਹਿਰ ਹੈ।
ਸਮਾਗਮ ਦੌਰਾਨ ਚਰਨਜੀਤ ਸਮਾਲਸਰ ਨੇ ਪ੍ਰੇਰਨਾਮਈ ਲਹਿਜੇ ਵਿੱਚ ਆਪਣੇ ਬੇਹੱਦ ਸੰਘਰਸ਼ ਭਰੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਆਖਿਆ ਕਿ ਜੇਕਰ ਮੰਜ਼ਿਲ ਨੂੰ ਪਾਉਣ ਦਾ ਇਰਾਦਾ ਨੇਕ ਤੇ ਦ੍ਰਿੜ ਹੋਵੇ ਤਾਂ ਮੌਤ ਵੀ ਬੰਦੇ ਦਾ ਰਾਹ ਨਹੀਂ ਰੋਕ ਸਕਦੀ। ਸਮਾਲਸਰ ਨੇ ਉਹ ਕਵਿਤਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ ਜਿਹੜੀ ਬੇਰੁਜ਼ਗਾਰੀ ਦੇ ਆਲਮ ਵਿੱਚ ਉਸ ਨੂੰ ਖੁਦਕੁਸ਼ੀ ਦੇ ਮੋੜ ਤੋਂ ਮੋੜ ਲਿਆਉਂਦੀ ਹੈ ਅਤੇ ਸਮਾਜ ਦੇ ਕੁਹਜ ਨੂੰ ਹੰਢਾਉਂਦਿਆਂ ਨਵੀਆਂ ਰਾਹਾਂ ਨੂੰ ਤਲਾਸ਼ਣ ਦਾ ਜ਼ਰੀਆ ਬਣਦੀ ਹੈ । ਸਨਮਾਨ ਲੈਣ ਸਮੇਂ ਉਸ ਨੇ ਆਖਿਆ ਕਿ ਸੂਰਬੀਰ ਤੇ ਕੂਟਨੀਤਕ ਯੋਧੇ, ਸਮਰਪਿਤ ਰਹਿਬਰ ਅਤੇ ਮਹਾਂਕਵੀ ਦੇ ਨਾਂ ‘ਤੇ ‘ਭਾਈ ਜੈਤਾ ਜੀ ਅਵਾਰਡ’ ਮਿਲਣਾ ਬੇਹੱਦ ਸਕੂਨਦੇਹ ਹੈ। ਇਹ ਸਨਮਾਨ ਸਮੁੱਚੀ ਜ਼ਿੰਦਗੀ ਮੇਰਾ ਰਾਹ ਰੁਸ਼ਨਾਉਂਣ ਦੇ ਨਾਲ-ਨਾਲ ਮਾਨਵਤਾ ਦੇ ਭਲੇ ਲਈ ਪ੍ਰੇਰਿਤ ਕਰਦਾ ਰਹੇਗਾ। ਇਸ ਸਨਮਾਨ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਤੇ ਫਰਜ ਹੋਰ ਵੱਧ ਗਏ ਹਨ।
ਜ਼ਿਕਰਯੋਗ ਹੈ ਕਿ ਚਰਨਜੀਤ ਸਮਾਲਸਰ ਪਿਛਲੇ 22 ਸਾਲਾਂ ਤੋਂ ਅਧਿਆਪਨ ਵਿੱਚ ਨਿਰੰਤਰ ਕਾਰਜ਼ਸ਼ੀਲ ਹੈ, ਬਚਪਨ ਦੀ ਦਹਿਲੀਜ ਟੱਪਦਿਆਂ ਹੀ ਉਹ ਸਮਾਜ ਸੇਵਾ ਨਾਲ ਜੁੜ ਗਿਆ ਅਤੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਸਾਹਿਤ ਨਾਲ ਜੋੜਨ ਦੇ ਨਾਲ-ਨਾਲ ਉਹ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਲਗਭਗ ਢਾਈ ਦਹਾਕਿਆਂ ਦੀ ਸਾਹਿਤਕ ਘਾਲਣਾ ਤੋਂ ਬਾਅਦ ਸਾਹਿਤਕ ਸਫ਼ਾਂ ਵਿੱਚ ਉਹ ਬੇਹੱਦ ਚਰਚਿਤ ਸ਼ਖ਼ਸੀਅਤ ਵਜੋਂ ਜਾਣਿਆਂ ਜਾਂਦਾ ਹੈ। ਉਸ ਦਾ ਕਾਵਿ-ਸੰਗ੍ਰਹਿ ‘ਫ਼ਿਕਰ ਨਾ ਕਰੀਂ’ ਸਾਹਿਤਕ ਹਲਕਿਆਂ ਵਿੱਚ ਮਕਬੂਲੀਅਤ ਹਾਸਲ ਕਰ ਚੁੱਕਾ ਹੈ। ਚਰਨਜੀਤ ਸਮਾਲਸਰ ਦੀਆਂ ਕਵਿਤਾਵਾਂ, ਨਜ਼ਮਾਂ, ਗ਼ਜ਼ਲਾਂ, ਕਹਾਣੀਆਂ ਅਤੇ ਲੇਖ ਵੱਖ-ਵੱਖ ਅਖ਼ਬਾਰਾਂ,ਮੈਗਜੀਨਾਂ ਅਤੇ ਰਸਾਲਿਆਂ ਵਿੱਚ ਛਪਦੇ ਰਹਿੰਦੇ ਹਨ।
ਅੱਜਕੱਲ੍ਹ ਚਰਨਜੀਤ ਸਮਾਲਸਰ ਕੇਵਲ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਸੇਖਾ ਕਲਾਂ(ਮੋਗਾ) ਵਿਖੇ ਬਤੌਰ ਹੈੱਡਮਾਸਟਰ ਸੇਵਾਵਾਂ ਨਿਭਾ ਰਿਹਾ ਹੈ। ਡਾ.ਰਾਜਦੁਲਾਰ ਸਿੰਘ , ਬਲਜਿੰਦਰ ਸੇਖਾ ਕੈਨੇਡਾ , ਪਰਮਪਾਲ ਬਰਾੜ ਮੱਲਕੇ , ਅਮਰਜੀਤ ਬਰਾੜ ਸਮਾਲਸਰ , ਇਕੱਤਰ ਸੋਢੀ ਅਮਰੀਕਾ ਆਦਿ ਨੇ ਚਰਨਜੀਤ ਸਮਾਲਸਰ ਨਾਲ ਖੁਸ਼ੀ ਸਾਂਝੀ ਕੀਤੀ ।