ਗੁਰਭਜਨ ਗਿੱਲ
ਅੱਜ ਸ਼ਹੀਦ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਨ ਹੈ।
28 ਸਤੰਬਰ 1907 ਨੂੰ ਜੰਮਿਆ ਸੀ ਮਾਤਾ ਵਿਦਿਆ ਵਤੀ ਦੀ ਕੁਖੋਂ ਸਃ ਕਿਸ਼ਨ ਸਿੰਘ ਦੇ ਘਰ ਬਾਬੇ ਅਰਜਨ ਸਿੰਘ ਦਾ ਪੋਤਰਾ ਬਣ ਜਨਮਿਆ।
ਸਃ ਅਜੀਤ ਸਿੰਘ ਤੇ ਸਵਰਨ ਸਿੰਘ ਵਰਗੇ ਇਨਕਲਾਬੀ ਦਾ ਭਤੀਜਾ। ਬੀਬੀ ਅਮਰ ਕੌਰ ਤੋਂ ਸਾਢੇ ਤਿੰਨ ਸਾਲ ਵੱਡਾ ਵੀਰ।
ਬੰਗਾ ਤਹਿਸੀਲ ਜੜ੍ਹਾਂਵਾਲਾ ਜ਼ਿਲ਼੍ਹਾ ਲਾਇਲਪੁਰ ਵਿੱਚ ਉਹ ਬਾਲ ਵਰੇਸੇ ਖੇਡਿਆ।
ਸੱਤਾਵਾਨ ਅੱਜ ਵੱਡੇ ਸਮਾਗਮਾਂ ਚ ਚੇਤੇ ਕਰਨਗੇ, ਚੰਗੀ ਗੱਲ ਹੈ। ਪਰ ਕੁਝ ਸੁਆਲ ਭਗਤ ਸਿੰਘ ਦੇ ਵੀ ਨੇ ਜੋ ਉਸ ਵੱਲੋਂ ਮੇਰੇ ਰਾਹੀਂ 2004 ਚ ਪੁੱਛੇ ਸਨ। ਮੇਰੀ ਉਸ ਵੇਲੇ ਲਿਖੀ ਤੇ “ਧਰਤੀ ਨਾਦ “ ਕਾਵਿ ਪੁਸਤਕ ਵਿੱਚ ਛਪੀ ਇਹ ਕਵਿਤਾ ਉਨ੍ਹਾਂ ਨੂੰ ਮੁਹੱਬਤ ਦੀ ਅੰਜੁਲੀ ਹੈ। ਇਹ ਕਵਿਤਾ ਮੈਥੋਂ ਸ਼ਹੀਦ ਨੇ ਹੀ ਲਿਖਵਾਈ ਸੀ। ਬੇਬੇ ਜੀ ਵਿਦਿਆਵਤੀ ਨੇ ਸਃ ਭਗਤ ਦੇ ਬਚਪਨ ਬਾਰੇ ਜੋ ਗੱਲਾਂ ਮੈਨੂੰ 1972-78 ਦੌਰਾਨ ਸੁਣਾਈਆਂ, ਉਹ ਕਦੇ ਫਿਰ ਸਹੀ।
ਗੁਰਭਜਨ ਗਿੱਲ
ਜਿਹੜੀ ਉਮਰੇ
ਬਾਲ ਖੇਡਣ ਗੁੱਲੀ ਡੰਡਾ।
ਬੰਟਿਆਂ ‘ਤੇ ਚੋਟ ਲਾਉਂਦੇ,
ਮਿੱਟੀ ਗੋ ਗੋ ਘਰ ਬਣਾਉਂਦੇ।
ਇਕ ਦੂਜੇ ਨਾਲ ਲੜਦੇ,
ਦੂਸਰੇ ਦਾ ਘਰ ਨੇ ਢਾਹੁੰਦੇ,
ਉਹ ਬੰਦੂਕਾਂ ਬੀਜਦਾ ਸੀ।
ਉਹ ਇਕੱਲਾ ਸੋਚਦਾ ਸੀ,
ਸਾਡੇ ਘਰ ਜਿਹੜੀ ਵੀ ਚਿੱਠੀ
ਡਾਕ ਆਉਂਦੀ,
ਓਸ ਨੂੰ ਕੋਈ ਤੀਸਰਾ ਕਿਉਂ ਖੋਲ੍ਹਦਾ ਹੈ?
ਪੜ੍ਹਨ ਮਗਰੋਂ,
ਮੇਰੀ ਮਾਂ ਤੇ ਚਾਚੀਆਂ ਨੂੰ
ਪੁੱਠਾ ਸਿੱਧਾ ਬੋਲਦਾ ਹੈ।
ਮਾਂ ਨੂੰ ਪੁੱਛੇ,
ਮੇਰੇ ਚਾਚੇ ਕਿਉਂ ਕਦੇ ਨਹੀਂ
ਘਰ ਨੂੰ ਆਉਂਦੇ।
ਉਹ ਭਲਾ ਕਿਹੜੀ ਕਮਾਈ
ਲੋਕਾਂ ਤੋਂ ਵੱਖਰੀ ਕਮਾਉਂਦੇ।
ਦੱਸਦੀ ਚੇਤੰਨ ਚਾਚੀ ‘ਨਾਮ੍ਹ ਕੌਰ।
ਤੇਰੇ ਦੋਹਾਂ ਚਾਚਿਆਂ ਦੀ
ਜੱਗ ਤੋਂ ਵੱਖਰੀ ਹੈ ਤੋਰ।
ਉਹ ਫਰੰਗੀ ਰਾਜ ਤੋਂ ਬਾਗੀ ਬਣੇ ਨੇ।
ਧੌਣ ਉੱਚੀ ਕਰ ਖੜ੍ਹੇ,
ਮੁੱਕੇ ਤਣੇ ਨੇ।
ਗੋਰਿਆਂ ਨੇ ਫੜ
ਉਨ੍ਹਾਂ ਨੂੰ ਜੇਲ੍ਹ ਪਾਇਆ।
ਤੇ ਇਲਾਕੇ ਵਿਚ ਇਹ
ਫੁਰਮਾਨ ਲਾਇਆ।
ਇਹ ਫਰੰਗੀ ਰਾਜ ਦੇ ਦੁਸ਼ਮਣ ਨੇ ਵੱਡੇ।
ਸਾਡੇ ਘਰ ਦੇ ਚਾਰ ਪਾਸੇ ਤਾਂ ਹੀ
ਉਨ੍ਹਾਂ ਸੂਹੀਏ ਛੱਡੇ।
ਸਾਡੇ ਆਪਣੇ ਸਕਿਆਂ ਨੇ
ਕਰ ਗੱਦਾਰੀ।
ਲੈ ਲਈ ਸਾਡੇ ਹੀ ਚਾਚੇ ਜ਼ੈਲਦਾਰੀ।
ਏਸੇ ਕਰਕੇ ਸਾਡਾ ਰਾਹ ਸੌਖਾ ਨਹੀਂ ਹੈ।
ਪਰ ਜੇ ਲੋਕੀਂ ਜਾਗ ਉੱਠਣ,
ਸਾਥ ਦੇਵਣ,
ਫਿਰ ਕੋਈ ਔਖਾ ਨਹੀਂ ਹੈ।
ਓਸ ਨੂੰ ਇਹ ਸੁਆਲ
ਹਰ ਪਲ ਡੰਗਦਾ ਸੀ।
ਤੇ ਉਹ ਕਾਲੇ ਵਕਤ ਪਾਸੋਂ
ਇਹਦਾ ਉੱਤਰ ਮੰਗਦਾ ਸੀ।
“ਬੋਲਦੇ ਸਾਰੇ ਨੇ ਏਥੇ ਜਾਗਦਾ ਕੋਈ ਨਹੀਂ।
ਸਫ਼ਰ ਵਿੱਚ ਹਾਂ ਆਖ਼ਦੇ ਨੇ ਤੁਰ ਰਿਹਾ ਕੋਈ ਨਹੀਂ।”
ਇਸ ਜਗ੍ਹਾ ਕਿਉਂ
ਦਨ-ਦਨਾਉਂਦਾ ਚੁੱਪ ਖਿਲਾਅ ਹੈ।
ਮਰ ਰਿਹਾ ਜੀਵਨ ਦਾ ਚਾਅ ਹੈ।
ਏਨੀ ਡੂੰਘੀ ਚੁੱਪ ਨੂੰ ਮੈਂ ਕਿੰਜ ਤੋੜਾਂ।
ਤੇ ਸਮੇਂ ਦੀ ਵਾਗ ਮੋੜਾਂ।
ਫਿਰ ਅਚਾਨਕ ਸੋਚ ਆਵੇ।
ਜੇ ਨਹੀਂ ਸੁਣਦੇ ਤਾਂ ਲੋਕੀਂ ਨਾ ਸਹੀ।
ਅਸਰ ਰੱਖਦੀ ਹੈ ਹਮੇਸ਼ਾਂ ਗੱਲ ਕਹੀ।
ਦੂਰ ਥਾਂ,
ਏਥੇ ਜਾਂ ਕਿਧਰੇ ਹੋਰ ਥਾਵੇਂ।
ਤੁਰ ਰਿਹਾ ਹਰ ਸ਼ਖਸ
ਮੇਰਾ ਆਪਣਾ ਹੈ।
ਬੋਲਦਾ ਹਰ ਆਦਮੀ ਮੇਰਾ ਭਰਾ ਹੈ।
ਤਪ ਰਿਹਾ ਮੈਂ ਹੀ ਹਾਂ ਹਰ ਥਾਂ।
ਧਰਤ ਬਦਲਣ ਨਾਲ ਬਦਲੇ ਮੇਰਾ ਨਾਂ।
ਆਖਦਾ ਉਹ, ਜੇ ਭਲਾ ਪੁੱਛੋਗੇ ਮੈਨੂੰ,
ਤੂੰ ਗੁਲਾਮੀ ਨੂੰ ਕਿਹੋ ਜਹੀ ਸਮਝਦਾ ਹੈਂ?
ਮੈਂ ਕਹੂੰ ਔਰਤ ਦੇ ਪੈਰੀਂ
ਛਣਕਦੀ ਪੰਜੇਬ ਵਰਗੀ।
ਜੇ ਕਹੋਗੇ ਜ਼ੁਲਮ ਦੀ ਸੂਰਤ ਪਛਾਣ।
ਮੈਂ ਕਹੂੰ ਗੋਰਾ ਫਰੰਗੀ,
ਫਿਰ ਕਹਾਂਗਾ ਬੀਤਿਆਂ ਵਕਤਾਂ ‘ਚ
ਔਰੰਗਜ਼ੇਬ ਵਰਗੀ।
ਫੇਰ ਉੱਚੀ ‘ਵਾਜ਼ ਮਾਰੇ ਤੇ ਉਚਾਰੇ।
ਏਸ ਧਰਤੀ ਨੂੰ ਸੁਹਾਗਣ ਕਰਨ ਵਾਲੇ,
ਮਾਂਗ ਅੰਦਰ ਖ਼ੂਨ ਦਾ ਸੰਧੂਰ ਹੱਥੀਂ ਭਰਨ ਵਾਲੇ,
ਦੂਰ ਕਾਫ਼ੀ ਦੂਰ ਤੁਰ ਗਏ ਜਾਪਦੇ ਨੇ।
ਓਸ ਨੂੰ ਇਹ ਵੀ ਪਤਾ ਸੀ,
ਓਸ ਦੇ ਵੱਡਿਆਂ ਨੇ “ਪੱਗ ਸਾਂਭਣ” ਦੀ ਪਹਿਲੀ ਬਾਤ ਪਾਈ।
ਸੌਂ ਰਹੀ ਜਨਤਾ ਜਗਾਈ- ਰੀਤ ਪਾਈ।
ਜ਼ੁਲਮ ਦੇ ਅੱਗੇ ਖਲੋਈਏ
ਹਿੱਕ ਤਣ ਕੇ।
ਜੀਵੀਏ ਤਾਂ ਜੀਵੀਏ ਸਿਰਦਾਰ ਬਣ ਕੇ।
ਜੱਲ੍ਹਿਆਂ ਵਾਲੇ ‘ਚ ਜਦ ਕਤਲਾਮ ਹੋਇਆ
ਉਹ ਅਜੇ ਬੱਚਾ ਸੀ ਭਾਵੇਂ, ਕਹਿਣ ਲੱਗਾ “ਕਹਿਰ ਹੋਇਆ।”
ਤੁਰ ਲਾਹੌਰੋਂ ਆ ਗਿਆ ਉਹ
ਰਾਤੋ ਰਾਤ ਅੰਬਰਸਰ।
ਉਸ ਦੇ ਮਨ ਅੰਦਰ ਨਹੀਂ ਸੀ
ਕੋਈ ਵੀ ਡਰ।
ਰੱਤ ਭਿੱਜੀ ਮਿੱਟੀ ਉਸ ਸ਼ੀਸ਼ੀ ‘ਚ ਪਾਈ-ਕਸਮ ਖਾਈ,
ਜ਼ੁਲਮ ਤੇ ਜ਼ਾਲਮ ਨੂੰ ਏਥੋਂ ਕੱਢਣਾ ਹੈ।
ਕਰਨੀਆਂ ਆਜ਼ਾਦ ਪੌਣਾਂ, ਧੁੱਪਾਂ ਛਾਵਾਂ,
ਜੂੜ ਗੋਰੇਸ਼ਾਹੀ ਦਾ ਹੁਣ ਵੱਢਣਾ ਹੈ।
ਨਾਲ ਉਹਦੇ ਰਲ ਗਏ ਕੁਝ
ਹਮ ਖਿਆਲ।
ਮੁਕਤੀਆਂ ਦੇ ਪਾਂਧੀਆਂ ਤੋਂ
ਫੜ ਮਿਸ਼ਾਲ।
ਕਾਫ਼ਲਾ ਬਣ ਤੁਰ ਪਿਆ ਉਹ ਬੇਮਿਸਾਲ।
ਵਿਸ਼ਵ ਦਰਸ਼ਨ ਨਾਲ ਉਸ ਮੱਥਾ ਜਗਾਇਆ।
ਹਾਣੀਆਂ ਨੂੰ ਕਹਿ ਸੁਣਾਇਆ-
ਹਰ ਜਗ੍ਹਾ ਸ਼ਸਤਰ ਨਹੀਂ ਹਥਿਆਰ ਹੁੰਦਾ।
ਬਹੁਤ ਵਾਰੀ ਸ਼ਾਸਤਰ ਵੀ ਯਾਰ ਹੁੰਦਾ।
ਉਹ ਕਿਤਾਬਾਂ ਬਹੁਤ ਪੜ੍ਹਦਾ
ਗਿਆਨ ਪੀਂਦਾ।
ਸ਼ਬਦ ਸੋਝੀ ਨਾਲ ਜੀਂਦਾ।
ਆਪ ਲਿਖਦਾ ਜਦ ਕਦੇ ਵੀ,
ਨੇਰ੍ਹਿਆਂ ਦੇ ਜਾਲ ਤਾਰੋ ਤਾਰ ਕਰਦਾ।
ਦੇਸ਼ ਦੇ ਫ਼ਿਕਰਾਂ ‘ਚ ਜੀਂਦਾ
ਨਾਲ ਮਰਦਾ।
ਵਿਸ਼ਵ ਦੇ ਯੋਧੇ ਉਹਦੇ ਸੰਗੀ ਬਣੇ ਸੀ।
ਵੱਖ ਵੱਖ ਥਾਵਾਂ ਤੇ ਜੋ ਸੋਚਾਂ ਜਣੇ ਸੀ।
ਬੰਬ ਤੇ ਪਿਸਤੌਲ ਵੀ ਸਾਥੀ ਬਣਾਏ।
ਪਰ ਇਰਾਦਾ ਸਾਫ਼ ਸੀ ਕਿ,
ਉਸ ਦੇ ਹੱਥੋਂ ਨਾ ਬੇਦੋਸ਼ੀ ਜਾਨ ਜਾਵੇ।
ਚਮਕਿਆ ਸੂਰਜ ਦੇ ਵਾਂਗੂੰ
ਦੇਸ਼ ਅੰਦਰ।
ਪਰ ਕਦੇ ਪ੍ਰਵਾਨਿਆ ਨਾ ਪੋਰਬੰਦਰ।
ਓਸ ਨੇ ਗਾਇਆ ਸੀ
ਇੱਕੋ ਹੀ ਤਰਾਨਾ।
ਬਣਨ ਨਹੀਂ ਦੇਣਾ ਵਤਨ ਨੂੰ ਜੇਲ੍ਹਖ਼ਾਨਾ।
ਆਪਣੀ ਹੋਣੀ ਨੂੰ ਆਪੇ ਹੀ ਲਿਖਾਂਗੇ।
ਦੂਸਰੇ ਦਾ ਹੁਕਮ ਕਿਉਂ
ਰਾਹ ਵਿਚ ਖਲੋਏ।
ਜਾਗ ਉੱਠਦੇ ਸੁਪਨ ਸੁੱਤੇ, ਬਿਰਧ, ਬੱਚੇ,
ਓਸ ਦੇ ਹਰ ਬੋਲ ਵਿਚੋਂ ਰੱਤ ਚੋਏ।
ਓਸ ਦੇ ਸਿਰ ਬੋਲਦਾ ਇੱਕੋ ਜਨੂੰਨ।
ਬਣਦੇ ਕਿਉਂ ਨੇ ਰਾਤ ਦਿਨ ਕਾਲੇ ਕਾਨੂੰਨ।
ਦੇਸ਼ ਦੀ ਦੌਲਤ ਬੇਗਾਨੇ ਲੁੱਟਦੇ ਨੇ।
ਜਿਸਨੂੰ ਜਿੱਥੇ ਜੀਅ ‘ਚ ਆਵੇ,
ਅਮਨ ਤੇ ਕਾਨੂੰਨ ਦਾ ਕਰਕੇ ਬਹਾਨਾ,
ਆਪ ਹੀ ਬਣ ਬਹਿੰਦੇ ਮੁਨਸਿਫ਼,
ਚੌਂਕ ਵਿਚ ਢਾਹ ਕੁੱਟਦੇ ਨੇ।
ਜਿਸ ਨੂੰ ਜਿੱਥੇ ਜੀਅ ‘ਚ ਆਵੇ,
ਛਾਂਗ ਦੇਂਦੇ, ਪਾੜ ਦੇਂਦੇ।
ਉਮਰ ਕੈਦਾਂ, ਨਰਕ ਕੁੰਭੀ,
ਫਾਂਸੀਆਂ ਤੇ ਚਾੜ੍ਹ ਦੇਂਦੇ।
ਰਹਿਣ ਦੇਣਾ ਹੁਣ ਕੋਈ
ਸੰਗਲ ਨਹੀਂ ਹੈ।
ਦੇਸ਼ ਹੈ ਇਹ, ਇਹ ਕੋਈ
ਜੰਗਲ ਨਹੀਂ ਹੈ।
ਹੋਰ ਨਹੀਂ ਝੱਲਣੀ ਭਰਾਓ
ਹੁਣ ਜ਼ਲਾਲਤ।
ਆਪਣੇ ਵਿਸ਼ਵਾਸ ਦੀ ਕੀਤੀ ਸੀ
ਉਹਨੇ ਖ਼ੁਦ ਵਕਾਲਤ।
ਬੋਲਦੀ ਕੀਹ ਓਸ ਦੇ ਅੱਗੇ ਅਦਾਲਤ?
ਮੁਨਸਿਫ਼ਾਂ ਨੂੰ ਓਸ
ਹਰ ਵਾਰੀ ਸੁਣਾਇਆ।
ਫ਼ੈਸਲਾ ਦੇਂਦੇ ਹੋ
ਮਾਲਕ ਜੋ ਲਿਖਾਇਆ।
ਹੱਕ ਤੇ ਇਨਸਾਫ਼ ਵੀ ਕਰਿਆ ਕਰੋ।
ਆਪਣੀ ਨਜ਼ਰੋਂ ਨਾ ਡਿੱਗੋ, ਕੌਡਾਂ ਬਦਲੇ,
ਰੋਜ਼ ਨਾ ਮਰਿਆ ਕਰੋ।
ਮੈਂ ਹਕੂਮਤ ਤੋਂ ਕਦੇ ਡਰਨਾ ਨਹੀਂ ਹੈ।
ਫਾਂਸੀ ਚੜ੍ਹ ਕੇ ਵੀ ਕਦੇ ਮਰਨਾ ਨਹੀਂ ਹੈ।
ਮੈਂ ਤਾਂ ਸੂਰਜ ਹਾਂ- ਉਦੈ ਹੋਵਾਂਗਾ ਫ਼ੇਰ।
ਜ਼ਿੰਮੇਵਾਰੀ ਹੈ, ਮਿਟਾਉਣਾ ਕੂੜ੍ਹ ਨੇਰ੍ਹ।
ਨਰਮ ਪੰਥੀ ਅਰਜ਼ਮੰਦਾਂ ਨੂੰ ਵੀ
ਸਿੱਧਾ ਆਖਿਆ ਸੀ।
ਐਵੇਂ ਇਹ ਹਥਿਆਰ ਤੱਕ ਕੇ,
ਦੋਸ਼ ਨਾ ਝੂਠੇ ਘੜੋ।
ਵਿਸ਼ਵ ਦਰਸ਼ਨ ਨਾਲ ਵੀ
ਕੁਝ ਸਾਂਝ ਪਾਉ-ਤੇ ਪੜ੍ਹੋ।
ਆਖਦੀ ਏ ਮੁਕਤੀਆਂ ਦੀ
ਹਰ ਕਿਤਾਬ।
ਲੋਕ ਮੁਕਤੀ ਦਾ ਵਸੀਲਾ,
ਸਿਰਫ਼ ਇੱਕੋ-ਇਨਕਲਾਬ।
ਕੌਮ ਨੂੰ ਕਿੰਨਾ ਕੁ ਚਿਰ ਰੱਖੋਗੇ
ਹਾਲੇ ਨਾਅਰਿਆਂ ਵਿਚ।
ਹੋਰ ਨਾ ਪਰਚੇਗੀ ਹੁਣ ਇਹ
ਲਾਰਿਆਂ ਵਿਚ।
ਦੇਸ਼ ਨੂੰ ਗੁਰਬਤ ਹਨੇਰਾ ਖਾ ਰਿਹਾ ਹੈ।
ਦੇਸ਼ ਦਾ ਸਰਮਾਇਆ
ਕਿੱਥੇ ਜਾ ਰਿਹਾ ਹੈ?
ਦੇਸ਼ ਦੀ ਪੀੜਾ ਨੂੰ ਜਾਣੋ ਤੇ ਪਛਾਣੋ।
ਅੱਜ ਵੀ ਓਹੀ ਸਵਾਲ।
ਕਰ ਰਹੇ ਨੇ ਲੋਕਾਂ ਤਾਈਂ ਫਿਰ ਹਲਾਲ।
ਮੈਂ ਸ਼ਹਾਦਤ ਦੇਣ ਲਈ ਹਾਜ਼ਰ ਖੜ੍ਹਾ ਹਾਂ।
ਮੈਂ ਤਾਂ ਲੰਮੇ ਸਫ਼ਰ ਦਾ ਕੇਵਲ ਪੜਾਅ ਹਾਂ।
ਗੁਰਭਜਨ ਗਿੱਲ