ਕੋਪਨਹੈਗਨ,
ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮੈਗਡਾਲੀਨਾ ਐਂਡਰਸਨ ਨੇ ਅੱਜ ਆਪਣੀ ਪਾਰਟੀ ਦੀ ਘੱਟ ਗਿਣਤੀ ਵਾਲੀ ਸਰਕਾਰ ਬਣਾਈ। ਇਸ ਸਰਕਾਰ ਵਿਚ ਪਿਛਲੇ ਮੰਤਰੀ ਮੰਡਲ ਨਾਲੋਂ ਥੋੜ੍ਹਾ ਜਿਹਾ ਬਦਲਾਅ ਕੀਤਾ ਗਿਆ ਹੈ।
ਐਂਡਰਸਨ ਜੋ ਕਿ ਪਹਿਲਾਂ ਸਵੀਡਨ ਦੀ ਵਿੱਤ ਮੰਤਰੀ ਵੀ ਰਹੀ, ਨੇ ਆਪਣੀ ਉਹ ਭੂਮਿਕਾ ਨਿਭਾਉਣ ਲਈ ਮਾਈਕਲ ਡੈਮਬਰਗ ਨੂੰ ਚੁਣਿਆ ਹੈ। ਡੈਮਬਰਗ ਪਿਛਲੀ ਸਰਕਾਰ ਵਿਚ ਗ੍ਰਹਿ ਮੰਤਰੀ ਸਨ। ਸੋਸ਼ਲ ਡੈਮੋਕਰੈਟਿਕ ਪਾਰਟੀ ਦੀ ਆਗੂ ਐਂਡਰਸਨ ਨੂੰ ਸੋਮਵਾਰ ਨੂੰ ਮੁੜ ਤੋਂ ਇਸ ਦੇਸ਼ ਦੀ ਸਰਕਾਰ ਦਾ ਮੁਖੀ ਚੁਣਿਆ ਗਿਆ ਸੀ। ਉਸ ਨੇ ਪਿਛਲੇ ਹਫ਼ਤੇ ਸੱਤ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਕਿਉਂਕਿ ਉਸ ਵੇਲੇ ਬਜਟ ਨੂੰ ਲੈ ਕੇ ਸੋਸ਼ਲ ਡੈਮੋਕਰੈਟਿਕ ਪਾਰਟੀ ਤੇ ਭਾਈਵਾਲ ਪਾਰਟੀ ਵਿਚਾਲੇ ਵਿਵਾਦ ਹੋ ਗਿਆ ਸੀ ਜਿਸ ਕਾਰਨ ਉਨ੍ਹਾਂ ਦਾ ਗੱਠਜੋੜ ਟੁੱਟ ਗਿਆ ਸੀ। ਸੋਮਵਾਰ ਨੂੰ 173 ਕਾਨੂੰਨਸਾਜ਼ਾਂ ਦੇ ਵਿਰੋਧ ਦੇ ਬਾਵਜੂਦ ਐਂਡਰਸਨ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ। ਐਂਡਰਸਨ ਨੇ ਐਨ ਲਿੰਡੇ ਨੂੰ ਵਿਦੇਸ਼ ਮੰਤਰੀ ਅਤੇ ਪੀਟਰ ਹਲਟਕੁਇਸਟ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਹੈ।