ਸਟਾਕਹੋਮ, 5 ਸਤੰਬਰ
ਸਵੀਡਨ ਵਿਚ ਕੁਰਾਨ ਸਾੜੇ ਜਾਣ ਦੀ ਘਟਨਾ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਪੁਲੀਸ ਨੇ ਦੱਸਿਆ ਕਿ ਸਵੀਡਨ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਮਾਲਮੋ ਵਿਚ ਪਰਵਾਸੀਆਂ ਦੀ ਬਹੁਗਿਣਤੀ ਵਾਲੇ ਇਲਾਕੇ ਵਿਚ ਇਹ ਘਟਨਾ ਵਾਪਰੀ ਹੈ ਜਿੱਥੇ ਮੁਸਲਿਮ-ਵਿਰੋਧੀ ਮੁਜ਼ਾਹਰਾਕਾਰੀ ਨੇ ਕੁਰਾਨ ਸਾੜ ਦਿੱਤਾ। ਪੁਲੀਸ ਮੁਤਾਬਕ ਘਟਨਾ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਵੱਲ ਪੱਥਰ ਸੁੱਟੇ ਅਤੇ ਦਰਜਨਾਂ ਕਾਰਾਂ ਨੂੰ ਅੱਗ ਲਾ ਦਿੱਤੀ। ਉਨ੍ਹਾਂ ਇਨ੍ਹਾਂ ਘਟਨਾਵਾਂ ਨੂੰ ‘ਹਿੰਸਕ ਦੰਗੇ’ ਕਰਾਰ ਦਿੱਤਾ ਹੈ। ਵੇਰਵਿਆਂ ਮੁਤਾਬਕ ਟਕਰਾਅ ਉਦੋਂ ਸ਼ੁਰੂ ਹੋਇਆ ਜਦ ਐਤਵਾਰ ਇਕ ਮੁਸਲਿਮ-ਵਿਰੋਧੀ ਕਾਰਕੁਨ ਸਲਵਾਨ ਮੋਮਿਕਾ ਨੇ ਕੁਰਾਨ ਦੀ ਕਾਪੀ ਸਾੜ ਦਿੱਤੀ। ਇਸ ਦੌਰਾਨ ਗੁੱਸੇ ਵਿਚ ਆਈ ਭੀੜ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਦਕਿ ਪੁਲੀਸ ਨੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਮੁਤਾਬਕ ਤਿੰਨ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਅੱਜ ਸਵੇਰੇ ਵੀ ਨੌਜਵਾਨਾਂ ਦੀ ਭੀੜ ਨੇ ਟਾਇਰਾਂ ਤੇ ਮਲਬੇ ਨੂੰ ਅੱਗ ਲਾ ਦਿੱਤੀ। ਮਾਲਮੋ ਦੇ ਰੋਜ਼ੇਨਗਾਰਡ ਇਲਾਕੇ ਵਿਚ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਹੋ ਚੁੱਕੀਆਂ ਹਨ। ਇੱਥੇ ਕੁਰਾਨ ਸਾੜਨ ਨਾਲ ਸਬੰਧਤ ਕਈ ਬੈਨਰ ਲੱਗੇ ਹੋਏ ਹਨ। ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਇਰਾਕ ਤੋਂ ਆਏ ਸ਼ਰਨਾਰਥੀ ਮੋਮਿਕਾ ਨੇ ਇਸਲਾਮ-ਵਿਰੋਧੀ ਮੁਜ਼ਾਹਰਿਆਂ ਵਿਚ ਕਈ ਵਾਰ ਕੁਰਾਨ ਦੀ ਬੇਅਦਬੀ ਕੀਤੀ ਹੈ। ਅਜਿਹਾ ਜ਼ਿਆਦਾਤਰ ਸਟਾਕਹੋਮ ਵਿਚ ਵਾਪਰਿਆ ਹੈ ਜਿਸ ਦਾ ਕਈ ਮੁਸਲਿਮ ਮੁਲਕਾਂ ਵਿਚ ਵਿਰੋਧ ਵੀ ਹੋਇਆ ਹੈ। ਜਦਕਿ ਸਵੀਡਨ ਦੀ ਪੁਲੀਸ ਨੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੱਸ ਕੇ ਕਾਰਕੁਨ ਦਾ ਬਚਾਅ ਕੀਤਾ ਹੈ