ਟੱਲੇਵਾਲ, 16 ਦਸੰਬਰ
ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਲਗਾਤਾਰ ਪੰਜਾਬ ਸਮੇਤ ਦੇਸ ਭਰ ਦੇ ਕਿਸਾਨਾਂ ਵਲੋਂ ਦਿੱਲੀ ਦੀ ਹੱਦ ’ਤੇ ਮੋਰਚਾ ਜਾਰੀ ਹੈ। ਲਗਾਤਾਰ ਪੰਜਾਬ ਭਰ ਤੋਂ ਨੌਜਵਾਨ ਕਿਸਾਨ ਅਤੇ ਔਰਤਾਂ ਇਸ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ। ਇਸ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਨਵਾਂ ਸੰਘਰਸ਼ ਕਰਨ ਦਾ ਜ਼ਜਬਾ ਵੀ ਦਿੱਤਾ ਹੈ। ਇਸ ਜਜ਼ਬੇ ਦੇ ਦਮ ’ਤੇ 60 ਸਾਲਾ ਬਜ਼ੁਰਗ ਦਿੱਲੀ ਨੂੰ ਪੈਦਲ ਚਾਲੇ ਜਾ ਰਿਹਾ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦਾ ਜੋਗਿੰਦਰ ਸਿੰਘ ਆਪਣੇ ਘਰ ਤੋਂ ਅਰਦਾਸ ਕਰਕੇ ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਫ਼ੜ ਕੇ ਦਿੱਲੀ ਨੂੰ ਪੈਦਲ ਹੀ ਤੁਰ ਪਿਆ ਹੈ। ਪਿੰਡ ਟੱਲੇਵਾਲ ਵਿਖੇ ਪਹੁੰਚੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਚਾਰ ਵਜੇ ਉਹ ਆਪਣੇ ਪਿੰਡ ਚਕਰ ਤੋਂ ਮੋਗਾ-ਬਰਨਾਲਾ ਮਾਰਗ ਰਾਹੀਂ ਹੁੰਦੇ ਹੋਏ ਦਿੱਲੀ ਨੂੰ ਜਾ ਰਿਹਾ ਹੈ। ਕੇਂਦਰ ਸਰਕਾਰ ਵਲੋਂ ਬਣਾਏ ਕਿਸਾਨ ਮਾਰੂ ਖੇਤੀ ਕਾਨੂੰਨਾਂ ਰਾਹੀਂ ਸਰਕਾਰ ਅਤੇ ਕਾਰਪੋਰੇਟਾਂ ਦੀ ਅੱਖ ਸਾਡੀਆਂ ਜ਼ਮੀਨਾਂ ’ਤੇ ਹੈ, ਜਿਸਨੂੰ ਰੋਕਣ ਲਈ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਦਿੱਲੀ ਦੀ ਹੱਦ ’ਤੇ ਸੰਘਰਸ਼ ਕਰ ਰਹੇ ਹਨ।