ਦੋਹਾ, 24 ਅਪਰੈਲ
ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਅਤੇ ਮੌਜੂਦਾ ਚੈਂਪੀਅਨ ਸਵਪਨਾ ਬਰਮਨ ਨੇ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਮੰਗਲਵਾਰ ਨੂੰ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਇਲਾਵਾ ਪੁਰਸ਼ਾਂ ਦੇ 1500 ਮੀਟਰ ਦੌੜ ਮੁਕਾਬਲੇ ਦੇ ਵਿੱਚ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਜਿਨਸਨ ਜਾਨਸਨ ਨੇ ਫਾਈਨਲ ਤੋਂ ਕੁੱਝ ਸਮਾਂ ਪਹਿਲਾਂ ਸੱਟ ਲੱਗਣ ਕਾਰਨ ਆਪਣਾ ਨਾਂਅ ਵਾਪਿਸ ਲੈ ਲਿਆ ਹੈ।
22 ਸਾਲ ਦੀ ਸਵਪਨਾ ਨੇ ਸੱਤ ਮੁਕਾਬਲਿਆਂ ਵਿੱਚ ਕੁੱਲ 5993 ਅੰਕ ਹਾਸਲ ਕੀਤੇ ਹਨ। ਉਹ ਉਜ਼ਬੇਕਿਸਤਾਨ ਦੀ ਐਕਟੇਰੀਨਾ ਵੋਰਨੀਨਾ (6198) ਤੋਂ ਬਾਅਦ ਦੂਜੇ ਸਥਾਨ ਉੱਤੇ ਰਹੀ। ਇੱਕ ਹੋਰ ਭਾਰਤੀ ਖਿਡਾਰਨ ਪੁਰਣਿਮਾ ਹੇਂਬਰਾਮ 5528 ਅੰਕ ਲੈ ਕੇ ਪੰਜਵੇਂ ਸਥਾਨ ਉੱਤੇ ਰਹੀ। ਸਵਪਨਾ ਨੇ ਪਿਛਲੇ ਸਾਲ5942 ਅੰਕ ਬਣਾ ਕੇ ਸੋਨ ਤਗ਼ਮਾ ਜਿੱਤਿਆ ਸੀ ਪਰ ਇਸ ਵਾਰ ਉਸਦਾ ਪ੍ਰਦਰਸ਼ਨ ਪਿਛਲੀ ਵਾਰ ਨਾਲੋਂ ਬਿਹਤਰ ਰਿਹਾ।