ਨਵੀਂ ਦਿੱਲੀ, 25 ਜਨਵਰੀ
ਗਾਬਾ ਟੈਸਟ ਵਿੱਚ ਭਾਰਤੀ ਟੀਮ ਦੀ ਇਤਿਹਾਸਕ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਹਰਫਨਮੌਲਾ ਵਾਸ਼ਿੰਗਟਨ ਸੁੰਦਰ ਦਾ ਕਹਿਣਾ ਹੈ ਕਿ ਜੇ ਉਸ ਨੂੰ ਕਦੇ ਭਾਰਤ ਵੱਲੋਂ ਟੈਸਟ ਮੈਚਾਂ ਵਿੱਚ ਸਲਾਮੀ ਬੱਲੇਬਾਜ਼ ਵਜੋਂ ਖੇਡਣ ਦਾ ਮੌਕਾ ਮਿਲਦਾ ਹੈ ਤਾਂ ਉਹ ਉਸ ਲਈ ਵਰਦਾਨ ਹੋਵੇਗਾ। ਉਸ ਨੇ ਕੋਚ ਰਵੀ ਸ਼ਾਸਤਰੀ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ, ‘‘ਰਵੀ ਸਰ ਨੇ ਸਾਨੂੰ ਆਪਣੇ ਖੇਡਣ ਦੇ ਦਿਨਾਂ ਦੀਆਂ ਪ੍ਰੇਰਨਾਦਾਇਕ ਗੱਲਾਂ ਦੱਸੀਆਂ। ਜਿਵੇਂ ਕਿ ਕਿਵੇਂ ਉਨ੍ਹਾਂ ਨੇ ਮਾਹਿਰ ਸਪਿੰਨਰ ਵਜੋਂ ਆਪਣੀ ਸ਼ੁਰੂਆਤ ਕਰਕੇ ਚਾਰ ਵਿਕਟਾਂ ਲਈਆਂ ਅਤੇ ਦਸਵੇਂ ਨੰਬਰ ’ਤੇ ਬੱਲੇਬਾਜ਼ੀ ਕੀਤੀ। ਉਥੋਂ ਉਹ ਕਿਵੇਂ ਟੈਸਟ ਮੈਚਾਂ ਵਿੱਚ ਸਲਾਮੀ ਬੱਲੇਬਾਜ਼ ਬਣੇ ਅਤੇ ਆਪਣੇ ਜ਼ਮਾਨੇ ਦੇ ਸਾਰੇ ਚੋਟੀ ਦੇ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ। ਮੈਂ ਵੀ ਉਨ੍ਹਾਂ ਦੀ ਤਰ੍ਹਾਂ ਟੈਸਟ ਮੈਚਾਂ ’ਚ ਪਾਰੀ ਦੀ ਸ਼ੁਰੂਆਤ ਕਰਨਾ ਪਸੰਦ ਕਰਾਂਗਾ।’