ਸੰਯੁਕਤ ਰਾਸ਼ਟਰ, 21 ਦਸੰਬਰ
ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਨੇ ਅੱਜ ਕਿਹਾ ਕਿ ਸਲਾਮਤੀ ਪ੍ਰੀਸ਼ਦ ਦੇ ਵਿਸਤਾਰ ਦੀ ਸੰਭਾਵਨਾ ਉਤੇ ਹੁਣ ‘ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।’ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਇਸ ਨਾਲ ‘ਵੀਟੋ ਦੇ ਹੱਕ’ ਉਤੇ ਸਵਾਲ ਖੜ੍ਹੇ ਹੋ ਜਾਣਗੇ। ਗੁਟੇਰੇਜ਼ ਨੇ ਇਹ ਟਿੱਪਣੀਆਂ ਨਿਊ ਯਾਰਕ ਵਿਚ ਸਾਲ ਦੇ ਅਖ਼ੀਰ ’ਚ ਕੀਤੀ ਜਾਂਦੀ ਪ੍ਰੈੱਸ ਕਾਨਫਰੰਸ ਵਿਚ ਕੀਤੀਆਂ। ਉਹ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਵਿਚ ਸੁਧਾਰਾਂ ਦੇ ਮੁੱਦੇ ਉਤੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਤਾਂ ਕਿ ਇਸ ਤਾਕਤਵਰ ਆਲਮੀ ਇਕਾਈ ਨੂੰ ਯੂਕਰੇਨ ਜੰਗ ਵਰਗੇ ਸੰਕਟਾਂ ਦੇ ਟਾਕਰੇ ਲਈ ਹੋਰ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ। ਗੁਟੇਰੇਜ਼ ਨੇ ਕਿਹਾ, ‘ਮੁੱਖ ਸਵਾਲ ਪ੍ਰੀਸ਼ਦ ਦੀ ਬਣਤਰ ਅਤੇ ਵੀਟੋ ਦੇ ਹੱਕ ਨਾਲ ਸਬੰਧਤ ਹੈ। ਹੁਣ ਇਹੀ ਮੈਂਬਰ ਮੁਲਕਾਂ ਲਈ ਮੁੱਦਾ ਹੈ, ਸਕੱਤਰੇਤ ਦਾ ਇਨ੍ਹਾਂ ਮਾਮਲਿਆਂ ਵਿਚ ਕੋਈ ਦਖ਼ਲ ਨਹੀਂ ਹੈ।’ ਸਕੱਤਰ ਜਨਰਲ ਨੇ ਕਿਹਾ ਕਿ ਉਨ੍ਹਾਂ ਸਤੰਬਰ ਵਿਚ ਮਹਾਸਭਾ ਦੇ ਸੈਸ਼ਨ ’ਚ ਪਹਿਲੀ ਵਾਰ ਅਮਰੀਕਾ ਤੇ ਰੂਸ ਕੋਲੋਂ ਕੁਝ ਸੁਣਿਆ ਸੀ ਜਿਸ ਵਿਚੋਂ ਸਪੱਸ਼ਟ ਸੰਕੇਤ ਮਿਲਦਾ ਸੀ ਕਿ ਉਹ ਸਲਾਮਤੀ ਪ੍ਰੀਸ਼ਦ ਦੇ ਪੱਕੇ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਫਰਾਂਸ ਤੇ ਯੂਕੇ ਤੋਂ ਵੀਟੋ ਦੇ ਹੱਕ ਦੀ ਵਰਤੋਂ ’ਚ ਕੁਝ ਪਾਬੰਦੀਆਂ ਲਾਉਣ ਬਾਰੇ ਤਜਵੀਜ਼ ਵੀ ਮਿਲੀ ਸੀ। ਗੁਟੇਰੇਜ਼ ਨੇ ਕਿਹਾ ਕਿ ਪ੍ਰੀਸ਼ਦ ਵਿਚ ਸੁਧਾਰਾਂ ਲਈ ਮਹਾਸਭਾ ਦੀਆਂ ਦੋ-ਤਿਹਾਈ ਵੋਟਾਂ ਅਤੇ ਸਾਰੇ ਪੱਕੇ ਮੈਂਬਰਾਂ (ਚੀਨ, ਫਰਾਂਸ, ਰੂਸ, ਯੂਕੇ ਤੇ ਅਮਰੀਕਾ) ਦੀਆਂ ਵੋਟਾਂ ਦੀ ਲੋੜ ਪਵੇਗੀ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਿਛਲੇ ਹਫ਼ਤੇ ਸਲਾਮਤੀ ਪ੍ਰੀਸ਼ਦ ਵਿਚ ਸੁਧਾਰਾਂ ਬਾਰੇ ਇਕ ਸਮਾਗਮ ਵਿਚ ਵੀ ਹਿੱਸਾ ਲਿਆ ਸੀ। ਇਸੇ ਦੌਰਾਨ ਸੰਯੁਕਤ ਰਾਸ਼ਟਰ ਮੁਖੀ ਨੇ ਅਹਿਦ ਕੀਤਾ ਕਿ ਉਹ 2023 ਨੂੰ ਸ਼ਾਂਤੀ ਦਾ ਸਾਲ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਅਗਲੇ ਸਾਲ ਉਹ ਜਲਵਾਯੂ ਸਿਖ਼ਰ ਸੰਮੇਲਨ ਨੂੰ ‘ਪੂਰੀ ਗੰਭੀਰਤਾ’ ਨਾਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜਿੱਥੇ ਮੁਲਕਾਂ ਨੂੰ ਭਰੋਸੇਯੋਗ ਤੇ ਨਵੇਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਦੱਸਣਾ ਪਵੇਗਾ। ਉਨ੍ਹਾਂ ਕਿਹਾ ਕਿ ਇਕ-ਦੂਜੇ ਉਤੇ ਜ਼ਿੰਮੇਵਾਰੀ ਸੁੱਟਣ ਤੇ ਮਹਿਜ਼ ਐਲਾਨਾਂ ਲਈ ਕੋਈ ਗੁੰਜ਼ਾਇਸ਼ ਨਹੀਂ ਛੱਡੀ ਜਾਵੇਗੀ। ਗੁਟੇਰੇਜ਼ ਨੇ ਕਿਹਾ ਕਿ ਜਲਵਾਯੂ ਸਬੰਧੀ ਟੀਚਿਆਂ ਦੀ ਪੂਰਤੀ ’ਚ ਦੁਨੀਆ ਪੱਛੜ ਰਹੀ ਹੈ। ਟਵਿੱਟਰ ਬਾਰੇ ਇਕ ਸਵਾਲ ਦੇ ਜਵਾਬ ਵਿਚ ਗੁਟੇਰੇਜ਼ ਨੇ ਕਿਹਾ ਕਿ ਇਸ ਸੋਸ਼ਲ ਮੀਡੀਆ ਕੰਪਨੀ ਨੂੰ ਚਲਾਉਣ ਵਾਲੇ ਨਾਲ ‘ਉਨ੍ਹਾਂ ਦੀ ਕੋਈ ਨਿੱਜੀ ਭਾਵਨਾ ਨਹੀਂ ਜੁੜੀ ਹੋਈ।’ ਪਰ ਨਫ਼ਰਤੀ ਭਾਸ਼ਣਾਂ ਨੂੰ ਰੋਕਣ ਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਪੱਖ ਤੋਂ ਇਸ ਨੂੰ ਕਿਵੇਂ ਚਲਾਇਆ ਜਾਂਦਾ ਹੈ, ਇਸ ਵਿਚ ਉਨ੍ਹਾਂ ਦੀ ਦਿਲਚਸਪੀ ਜ਼ਰੂਰ ਹੈ।