ਮੁੰਬਈ:ਬੌਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਨਵੀਂ ਤੇਲਗੂ ਫ਼ਿਲਮ ‘ਗੌਡਫਾਦਰ’ ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਅਦਾਕਾਰ ਚਿਰੰਜੀਵੀ ਨਿਭਾਅ ਰਿਹਾ ਹੈ। ਇਹ ਫਿਲਮ ਅਦਾਕਾਰ ਪ੍ਰਿਥਵੀਰਾਜ ਸੁਕੁਮਾਰਨ ਵੱਲੋਂ ਨਿਰਦੇਸ਼ਿਤ ਮਲਿਆਲਮ ਫ਼ਿਲਮ ‘ਲੂਸੀਫਰ’ ਦਾ ਰੀਮੇਕ ਹੈ, ਜਿਸ ਵਿੱਚ ਮੋਹਨਲਾਲ ਨੇ ਮੁੱਖ ਭੂਮਿਕਾ ਨਿਭਾਈ ਸੀ। ‘ਗੌਡਫਾਦਰ’ ਸਲਮਾਨ ਦੀ ਪਹਿਲੀ ਤੇਲਗੂ ਫ਼ਿਲਮ ਹੈ। ਚਿਰੰਜੀਵੀ ਨੇ ਫ਼ਿਲਮ ਦੇ ਸੈੱਟ ਤੋਂ ਆਪਣੇ ਟਵਿੱਟਰ ’ਤੇ ਸਲਮਾਨ ਖ਼ਾਨ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਚਿਰੰਜੀਵੀ ਨੇ ਲਿਖਿਆ, ‘ਗੌਡਫਾਦਰ ਵਿੱਚ ਸ਼ਾਮਲ ਹੋਣ ਮੌਕੇ ਤੁਹਾਡਾ ਸਵਾਗਤ ਹੈ ਭਾਈ… ਤੁਹਾਡੇ ਆਉਣ ਨਾਲ ਸਾਰਿਆਂ ਵਿੱਚ ਨਵੀਂ ਜਾਨ ਪੈ ਗਈ ਹੈ ਅਤੇ ਸਾਰਿਆਂ ਦੀ ਉਤਸੁਕਤਾ ਵੀ ਵਧ ਗਈ ਹੈ। ਤੁਹਾਡੇ ਨਾਲ ਸਕਰੀਨ ਸਾਂਝੀ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਤੁਹਾਡੀ ਆਮਦ ਦਰਸ਼ਕਾਂ ਨੂੰ ਜਾਦੂਈ ਖੁਸ਼ੀ ਦੇਵੇਗੀ।’ ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਨਯਨਤਾਰਾ ਤੇ ਸੱਤਿਆਦੇਵ ਕੰਚਾਰਾਣਾ ਵੀ ਹਨ।