ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਬਾਲੀਵੁੱਡ ਦੀ ਫਿਲਮ ‘ਲਵਯਾਤਰੀ’ ਦੇ ਨਿਰਮਾਤਾ ਸਲਮਾਨ ਖਾਨ ਵੈਂਚਰਸ ਪ੍ਰਾਈਵੇਟ ਲਿਮ. ਵਿਰੁੱਧ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਕੋਈ ਸਜ਼ਾਯੋਗ ਕਾਰਵਾਈ ਨਹੀਂ ਕੀਤੀ ਜਾਵੇਗੀ। ਚੀਫ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਇਸ ਦਲੀਲ ‘ਤੇ ਵਿਚਾਰ ਕੀਤਾ ਕਿ ਫਿਲਮ ਨੂੰ ਸੈਂਸਰ ਬੋਰਡ ਕੋਲੋਂ ਪ੍ਰਵਾਨਗੀ ਮਿਲ ਗਈ ਹੈ। ਇਸ ਦੇ ਬਾਵਜੂਦ ਬਿਹਾਰ ‘ਚ ਇਸ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਹ ਫਿਲਮ 5 ਅਕਤੂਬਰ ਨੂੰ ਪੂਰੇ ਦੇਸ਼ ‘ਚ ਰਿਲੀਜ਼ ਹੋਣੀ ਹੈ। ਫਿਲਮ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਕਰਵਾਏ ਗਏ ਹਨ ਅਤੇ ਦੋਸ਼ ਲਾਇਆ ਗਿਆ ਹੈ ਕਿ ਇਸ ਵਿਚ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ।
ਦੱਸਣਯੋਗ ਹੈ ਕਿ ਗੁਜਰਾਤ ‘ਚ ਵੀ ਇਸ ਫਿਲਮ ਦੇ ਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ ਅਤੇ ਇਸ ਦੇ ਖਿਲਾਫ ਅਦਾਲਤ ‘ਚ ਪਟੀਸ਼ਨ ਦਰਜ ਕਰਵਾਈ ਗਈ। ਲੱਗ ਰਿਹਾ ਹੈ ਕਿ ਸਲਮਾਨ ਲਈ ਅਜੇ ਮੁਸ਼ਕਲਾਂ ਦਾ ਦੌਰ ਘੱਟ ਨਹੀਂ ਹੋਣ ਵਾਲਾ ਕਿਉਂਕਿ ਇਕ ਮਾਮਲਾ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨਵੀਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।