ਮੁੰਬਈ:ਬੌਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਜਨਮ ਦਿਨ ਮੌਕੇ ਆਪਣੇ ਇੱਕ ਅਜਿਹੇ ਪ੍ਰਸ਼ੰਸਕ ਨਾਲ ਮੁਲਾਕਾਤ ਕੀਤੀ, ਜੋ ਉਸ ਨੂੰ ਮਿਲਣ ਲਈ ਮੱਧ ਪ੍ਰਦੇਸ਼ ਦੇ ਜਬਲਪੁਰ ਤੋਂ 1100 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਮੁੰਬਈ ਪੁੱਜਿਆ ਸੀ। ਉਸ ਨੇ ਸਲਮਾਨ ਖਾਨ ਨੂੰ ਪ੍ਰਭਾਵਿਤ ਕੀਤਾ ਹੈ। ਸਾਈਕਲ ’ਤੇ ਇੰਨਾ ਸਫਰ ਤੈਅ ਕਰਨ ਵਾਲੇ ਪ੍ਰਸ਼ੰਸਕ ਦੀ ਸਲਮਾਨ ਖ਼ਾਨ ਨਾਲ ਖਿੱਚੀ ਗਈ ਤਸਵੀਰ ਵੀ ਕਾਫੀ ਵਾਇਰਲ ਹੋ ਰਹੀ ਹੈ। ਉਸ ਨੌਜਵਾਨ ਨੇ ਆਪਣੇ ਸਾਈਕਲ ਦੇ ਅੱਗੇ ਇਕ ਬੋਰਡ ਲਾਇਆ ਸੀ, ਜਿਸ ’ਤੇ ਲਿਖਿਆ ਸੀ,‘‘ਚਲੋ ਉਨਕੋ ਦੁਆੲੇਂ ਦੇਤੇ ਚਲੇਂ… ਜਬਲਪੁਰ ਸੇ ਮੁੰਬਈ… ਦੀਵਾਨਾ ਮੈਂ ਚਲਾ।’’ ਸਲਮਾਨ ਖਾਨ ਦੇ ਫੈਨ ਪੇਜ਼ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਆਖਿਆ,‘‘ਜਬਲਪੁਰ ਦੇ ਰਹਿਣ ਵਾਲੇ ਨੌਜਵਾਨ ਸਮੀਰ ਨੇ ਮੈਗਾਸਟਾਰ ਸਲਮਾਨ ਨੂੰ ਮਿਲਣ ਲਈ 1100 ਕਿਲੋਮੀਟਰ ਦਾ ਪੈਂਡਾ ਸਾਈਕਲ ’ਤੇ ਤੈਅ ਕੀਤਾ।’’ ਦੱਸਣਯੋਗ ਹੈ ਸਲਮਾਨ ਖਾਨ ਨੇ 27 ਦਸੰਬਰ ਨੂੰ ਆਪਣਾ 57ਵਾਂ ਜਨਮ ਦਿਨ ਮਨਾਇਆ ਸੀ। ਆਪਣੇ ਜਨਮ ਦਿਨ ਮੌਕੇ ਸਲਮਾਨ ਨੇ ਆਪਣੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਕਬੂਲੀਆਂ ਸਨ ਅਤੇ ਇਸ ਸਬੰਧੀ ਇੱਕ ਤਸਵੀਰ ਵੀ ਟਵਿੱਟਰ ’ਤੇ ਸਾਂਝੀ ਕੀਤੀ ਸੀ। ਸਲਮਾਨ ਖਾਨ ਨੇ ਜਨਮ ਦਿਨ ਮੌਕੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਇੱਕ ਪਾਰਟੀ ਵੀ ਦਿੱਤੀ ਸੀ, ਜਿਸ ਵਿੱਚ ਸ਼ਾਹਰੁਖ ਖਾਨ, ਲੂਲੀਆ ਵੈਂਤੂਰ, ਤੱਬੂ, ਪੂਜਾ ਹੇਗੜੇ, ਸੰਗੀਤਾ ਬਿਜਲਾਨੀ, ਸੋਨਾਕਸ਼ੀ ਸਿਨਹਾ ਤੇ ਕਾਰਤਿਕ ਆਰੀਅਨ ਨੇ ਸ਼ਿਰਕਤ ਕੀਤੀ ਸੀ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੀ ਕੈਟਰੀਨਾ ਕੈਫ ਨਾਲ ਫ਼ਿਲਮ ‘ਟਾਈਗਰ-3’ ਆ ਰਹੀ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਫ਼ਿਲਮ ‘ਕਿਸੀ ਕਾ ਬਾਈ ਕਿਸੀ ਕੀ ਜਾਨ’ ਆ ਰਹੀ ਹੈ, ਜਿਸ ਵਿਚ ਅਦਾਕਾਰਾ ਪੂਜਾ ਹੇਗੜੇ ਵੀ ਨਜ਼ਰ ਆ ਰਹੀ ਹੈ।