ਵੈਨਕੂਵਰ, 28 ਨਵੰਬਰ
ਸਰੀ ਵਿਚ ਅੱਜ ਦੁਪਹਿਰ ਭੰਗੜਾ ਪ੍ਰਮੋਟਰ ਰਾਜ ਸੰਘਾ (40) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਅਜੇ ਮ੍ਰਿਤਕ ਦੀ ਪਛਾਣ ਜਾਰੀ ਨਹੀਂ ਕੀਤੀ ਹੈ, ਪਰ ਆਂਢ-ਗੁਆਂਢ ਰਹਿੰਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਭੰਗੜਾ ਪ੍ਰਮੋਟਰ ਰਾਜ ਸੰਘਾ ਹੈ। ਕਤਲ ਵਾਲੀ ਥਾਂ ਤੋਂ ਥੋੜ੍ਹੀ ਦੂਰ ਹੀ ਸਰੀ ਪੁਲੀਸ ਦਾ ਮੁੱਖ ਦਫ਼ਤਰ ਤੇ ਸੂਬਾਈ ਅਦਾਲਤੀ ਕੰਪਲੈਕਸ ਹੈ, ਜਿੱਥੇ ਸਾਰਾ ਦਿਨ ਲੋਕਾਂ ਦੀ ਭਰਵੀਂ ਆਵਾਜਾਈ ਰਹਿੰਦੀ ਹੈ।
ਪੁਲੀਸ ਨੇ ਦੱਸਿਆ ਕਿ ਅੱਜ ਦੁਪਹਿਰ ਪੌਣੇ ਬਾਰਾਂ ਵਜੇ ਉਨ੍ਹਾਂ ਨੂੰ ਹਾਈਵੇਅ 10 ਨੇੜੇ ਸਾਊਥਵੇਅ ਡਰਾਈਵ ਸਥਿਤ ਘਰ ਅੱਗੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਮੌਕੇ ’ਤੇ ਪਹੁੰਚੀ ਪੁਲੀਸ ਪਾਰਟੀ ਨੇ ਵੇਖਿਆ ਕਿ ਇੱਕ ਵਿਅਕਤੀ ਲਹੂ ਲੁਹਾਨ ਪਿਆ ਸੀ। ਐਂਬੂਲੈਂਸ ਅਮਲੇ ਵੱਲੋਂ ਉਸ ਨੂੰ ਸੰਭਾਲਣ ਦੇ ਯਤਨ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਾਤਲਾਂ ਦੀ ਸੂਹ ਦੇਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਕੈਨੇਡਾ ‘ਚ ਪੁਲੀਸ ਮ੍ਰਿਤਕ ਦੇ ਵਾਰਸਾਂ ਦੀ ਲਿਖਤੀ ਸਹਿਮਤੀ ਤੋਂ ਬਿਨਾਂ ਪਛਾਣ ਜਾਰੀ ਨਹੀ ਕਰ ਸਕਦੀ। ਘਟਨਾ ਸਥਾਨ ਦੇ ਆਸ ਪਾਸ ਰਹਿੰਦੇ ਲੋਕਾਂ ਨੇ ਖਦਸ਼ਾ ਪ੍ਰਗਟ ਕੀਤਾ ਕਿ ਮਿਲਣਸਾਰ ਸੁਭਾਅ ਵਾਲੇ ਤੇ ਪੰਜਾਬੀ ਸਭਿਆਚਾਰ ਨੂੰ ਪ੍ਰਣਾਏ ਰਾਜ ਸੰਘਾ ਕਾਤਲਾਂ ਵਲੋਂ ਗਲਤ ਪਛਾਣ ਦਾ ਸ਼ਿਕਾਰ ਹੋਏ ਹੋ ਸਕਦੇ ਹਨ। ਉਹਨਾਂ ਦੱਸਿਆ ਕਿ ਰਾਜ ਸੰਘਾ ਭੰਗੜੇ ਦਾ ਕੋਚ ਸੀ ਤੇ ਅਕਸਰ ਭੰਗੜਾ ਮੁਕਾਬਲੇ ਕਰਵਾਉਂਦਾ ਰਹਿੰਦਾ ਸੀ।