ਸਰੀ— ਕੈਨੇਡਾ ਵਰਗੇ ਮੁਲਕ ‘ਚ ਵੀ ਗੈਂਗਵਾਰ ਜਿਹੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਬੀਤੇ ਸ਼ੁੱਕਰਵਾਰ ਦੀ ਸ਼ਾਮ ਨੂੰ ਇਕ 23 ਸਾਲਾ ਨੌਜਵਾਨ ਨੂੰ ਗੈਂਗਵਾਰ ਦੌਰਾਨ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੀੜਤ ਨੌਜਵਾਨ ਦੀ ਪਛਾਣ ਪ੍ਰਦੀਪ ਬਰਾੜ ਵਜੋਂ ਹੋਈ ਹੈ, ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਡੈਲਟਾ ਦਾ ਰਹਿਣ ਵਾਲਾ ਸੀ।
ਪੁਲਸ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬਰਾੜ ਨੂੰ ਨਿਸ਼ਾਨਾ ਬਣਾ ਕੇ ਉਸ ਦਾ ਕਤਲ ਕੀਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਉਸ ਦਾ ਗੈਂਗ ਹਿੰਸਾ ਨਾਲ ਸੰਬੰਧ ਸੀ। ਸ਼ੁੱਕਰਵਾਰ ਦੀ ਸ਼ਾਮ ਨੂੰ ਤਕਰੀਬਨ 7.00 ਵਜੇ ਬਰਾੜ ਨੂੰ ਨਿਸ਼ਾਨਾ ਬਣਾ ਕੇ ਗੈਂਗ ਨੇ ਗੋਲੀਬਾਰੀ ਕੀਤੀ ਸੀ। ਪੁਲਸ ਮੁਤਾਬਕ ਇਹ ਘਟਨਾ ਸਰੀ ਦੇ ਟਾਊਨ ਨਿਊਟਨ ‘ਚ ਹੋਈ। ਪੁਲਸ ਅਧਿਕਾਰੀ ਨੂੰ ਬਰਾੜ 6500 ਬਲਾਕ ਦੇ 137 (ਏ) ਸਟਰੀਟ ‘ਚ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਹਾਲਤ ‘ਚ ਮਿਲਿਆ ਸੀ। ਬਰਾੜ ਨੂੰ ਐਂਬੂਲੈਂਸ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ।
ਪੁਲਸ ਦਾ ਕਹਿਣਾ ਹੈ ਕਿ ਜਾਂਚ ‘ਚ ਦੋਵੇਂ ਵਾਹਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ, ਜਿਨ੍ਹਾਂ ਨੂੰ ਅਸੀਂ ਕਬਜ਼ੇ ‘ਚ ਲੈ ਲਿਆ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਗੈਂਗ ਨੇ ਨਿਸ਼ਾਨਾ ਬਣਾ ਕੇ ਇਹ ਗੋਲੀਬਾਰੀ ਕੀਤੀ ਅਤੇ ਬਰਾੜ ਆਪਣੇ ਹਮਲਾਵਰ ਨੂੰ ਜਾਣਦਾ ਸੀ। ਪੁਲਸ ਨੇ ਇਸ ਘਟਨਾ ਦੇ ਸੰਬੰਧ ‘ਚ ਕਿਸੇ ਵੀ ਵਿਅਕਤੀ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ‘ਚ ਜੁਟੀ ਹੋਈ ਹੈ।