ਉਲਾਨ-ਉਦੈ (ਰੂਸ), 7 ਅਕਤੂਬਰ
ਸਾਬਕਾ ਚੈਂਪੀਅਨ ਐੱਲ ਸਰਿਤਾ ਦੇਵੀ (60 ਕਿਲੋ) ਅੱਜ ਇੱਥੇ 32ਵੇਂ ਗੇੜ ਵਿੱਚ ਰੂਸ ਦੀ ਨਤਾਲੀਆ ਸ਼ਾਦਰਿਨਾ ਹੱਥੋਂ ਹਾਰਨ ਦੇ ਨਾਲ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਈ। ਪਹਿਲੇ ਗੇੜ ਵਿੱਚ ਬਾਈ ਹਾਸਲ ਕਰਨ ਵਾਲੀ ਚੌਥਾ ਦਰਜਾ ਪ੍ਰਾਪਤ ਸਰਿਤਾ ਚੰਗੀ ਸ਼ੁਰੂਆਤ ਦਾ ਫ਼ਾਇਦਾ ਨਹੀਂ ਉਠਾ ਸਕੀ ਅਤੇ ਉਸ ਨੂੰ 0-5 ਨਾਲ ਹਾਰ ਝੱਲਣੀ ਪਈ।
ਭਾਰਤ ਨੂੰ ਇੱਕ ਹੋਰ ਨਿਰਾਸ਼ਾ ਦਿਨ ਦੀ ਆਖ਼ਰੀ ਬਾਊਟ ਵਿੱਚ ਮਿਲੀ, ਜਿਸ ਵਿੱਚ ਪਹਿਲੀ ਵਾਰ ਖੇਡ ਰਹੀ ਨੰਦਿਨੀ (81 ਕਿਲੋ) ਜਰਮਨੀ ਦੀ ਆਈਰਿਨਾ ਨਿਕੋਲਟਾ ਸ਼ੋਨਬਰਗਰ ਸਾਹਮਣੇ ਟਿਕ ਨਹੀਂ ਸਕੀ ਅਤੇ ਉਸ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਨਵੀਂ ਦਿੱਲੀ ਵਿਸ਼ਵ ਮਹਿਲਾ ਚੈਂਪੀਅਨਸ਼ਿਪ-2006 ਦੀ ਸੋਨ ਤਗ਼ਮਾ ਜੇਤੂ ਸਰਿਤਾ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਇਸ ਟੂਰਨਾਮੈਂਟ ਵਿੱਚ ਆਪਣੇ ਪਹਿਲੇ ਤਗ਼ਮੇ ਲਈ ਚੁਣੌਤੀ ਪੇਸ਼ ਕਰ ਰਹੀ ਸੀ।
ਏਸ਼ਿਆਈ ਚੈਂਪੀਅਨ ਮਨੀਪੁਰ ਦੀ ਇਹ ਮੁੱਕੇਬਾਜ਼ ਪਹਿਲੇ ਤਿੰਨ ਮਿੰਟ ਵਿੱਚ ਪੂਰੀ ਤਰ੍ਹਾਂ ਸੰਤੁਲਨ ਵਿੱਚ ਜਾਪੀ ਅਤੇ ਉਸ ਨੇ ਆਪਣੀ ਵਿਰੋਧੀ ਮੁੱਕੇਬਾਜ਼ ਨੂੰ ਵੱਧ ਮੁੱਕੇ ਜੜੇ। ਸ਼ਾਦਰਿਨਾ ਅਗਲੇ ਦੋ ਗੇੜ ਵਿੱਚ ਵਾਪਸੀ ਕਰਨ ਵਿੱਚ ਸਫਲ ਰਹੀ ਅਤੇ ਉਸ ਨੇ ਸਰਿਤਾ ਨੂੰ ਬਾਹਰ ਦਾ ਰਸਤਾ ਵਿਖਾਇਆ। ਸਰਿਤਾ ਇਸ ਦੇ ਨਾਲ ਹੀ ਕੌਮਾਂਤਰੀ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਪਹਿਲੇ ਅਥਲੀਟ ਕਮਿਸ਼ਨ ਦੀ ਮੈਂਬਰ ਬਣਨ ਦੀ ਦੌੜ ਵਿੱਚ ਵੀ ਸ਼ਾਮਲ ਹੈ, ਜਿਸ ਨੂੰ ਮੌਜੂਦਾ ਟੂਰਨਾਮੈਂਟ ਦੌਰਾਨ ਰਸਮੀ ਰੂਪ ਦਿੱਤਾ ਜਾਵੇਗਾ।
ਨੰਦਿਨੀ ਸ਼ੁਰੂ ਤੋਂ ਹੀ ਜੂਝ ਰਹੀ ਸੀ ਅਤੇ ਤਕਨੀਕੀ ਤੌਰ ’ਤੇ ਬਿਹਤਰੀਨ ਨਿਕੋਲਟਾ ਵਰਗੀ ਫੁਰਤੀ ਨਹੀਂ ਵਿਖਾ ਸਕੀ। ਦੂਜੇ ਗੇੜ ਵਿੱਚ ਇਸ ਭਾਰਤੀ ਮੁੱਕੇਬਾਜ਼ ਨੂੰ ਵਿਰੋਧੀ ਖਿਡਾਰਨ ਦੇ ਸਿਰ ’ਤੇ ਹਿੱਟ ਕਰਨ ਕਾਰਨ ਚਿਤਾਵਨੀ ਵੀ ਮਿਲੀ। ਉਸ ਨੂੰ ਮੁਕਾਬਲੇ ਦੌਰਾਨ ਚਿਹਰੇ ’ਤੇ ਕੱਟ ਵੀ ਲੱਗ ਗਿਆ। ਸਵੀਟੀ ਬੂਰਾ (75 ਕਿਲੋ) ਅਤੇ ਜਮੁਨਾ ਬੋਰੋ (54 ਕਿਲੋ) ਆਪੋ-ਆਪਣੇ ਪਹਿਲੇ ਗੇੜ ਮੁਕਾਬਲੇ ਜਿੱਤ ਕੇ ਪ੍ਰੀ ਕੁਆਰਟਰ ਵਿੱਚ ਥਾਂ ਬਣਾ ਚੁੱਕੀਆਂ ਹਨ।