ਅੰਮ੍ਰਿਤਸਰ, 8 ਜੂਨ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਨਸ਼ਿਆਂ ਦੀ ਤਸਕਰੀ ਖ਼ਤਮ ਕਰਨ ਵਾਸਤੇ ਛੇ ਜ਼ਿਲ੍ਹਿਆਂ ਵਿੱਚ ਭਾਰਤ-ਪਾਕਿ ਸਰਹੱਦ ਦੇ 10 ਕਿਲੋਮੀਟਰ ਘੇਰੇ ’ਚ ਆਉਂਦੇ ਪਿੰਡਾਂ ਵਿਚ ‘ਵਿਲੇਜ ਡਿਫੈਂਸ ਕਮੇਟੀਆਂ’ ਬਣਾਉਣ ਦਾ ਐਲਾਨ ਕੀਤਾ ਹੈ। ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਮਗਰੋਂ ਅੱਜ ਇਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਰਾਜਪਾਲ ਨੇ ਨਸ਼ੇ ਅਤੇ ਤਸਕਰਾਂ ਦੇ ਖਾਤਮੇ ਲਈ ਪੰਜਾਬ ਸਰਕਾਰ, ਪੰਜਾਬ ਪੁਲੀਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਜਿਹੜੀ ਕਮੇਟੀ ਆਪਣੇ ਪਿੰਡ ਜਾਂ ਇਲਾਕੇ ਵਿਚੋਂ ਨਸ਼ੇ ਨੂੰ ਖਤਮ ਕਰਨ ਲਈ ਸਭ ਤੋਂ ਵੱਧ ਸਰਗਰਮੀ ਨਾਲ ਕੰਮ ਕਰੇਗੀ ਉਸਨੂੰ ਆਗਾਮੀ 26 ਜਨਵਰੀ ਦੇ ਰਾਜ ਪੱਧਰੀ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਤਰ੍ਹਾਂ ਹਰੇਕ ਜ਼ਿਲ੍ਹੇ ’ਚੋਂ ਪਹਿਲੇ ਨੰਬਰ ’ਤੇ ਆਉਣ ਵਾਲੇ ਨੂੰ ਤਿੰਨ ਲੱਖ, ਦੂਜੇ ਨੰਬਰ ’ਤੇ 2 ਲੱਖ ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਨੂੰ ਇਕ ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।

ਇਸ ਦੌਰਾਨ ਉਨ੍ਹਾਂ ਨੇ ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਵੱਲੋਂ ਬੀਤੇ ਦਿਨ ਪਠਾਨਕੋਟ ਦੀ ਸਰਹੱਦੀ ਪੱਟੀ ਵਿਚ ਡਰੋਨ ਰਾਹੀਂ ਹੁੰਦੀ ਤਸਕਰੀ ਰੋਕਣ ਲਈ ਸ਼ੁਰੂ ਕੀਤੇ ਗਏ ‘ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ’ ਦੀ ਸਰਾਹਨਾ ਕਰਦਿਆਂ ਇਸ ਸਿਸਟਮ ਨੂੰ ਸਮੁੱਚੀ ਸਰਹੱਦੀ ਪੱਟੀ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ।

ਰਾਜਪਾਲ ਨੇ ਸਰਹੱਦੀ ਪੱਟੀ ਦੇ ਨੌਜਵਾਨਾਂ ਨੂੰ ਵਿਗਿਆਨਕ ਢੰਗ ਨਾਲ ਸਿਖਿਅਤ ਕਰਨ ਲਈ ਸਰਹੱਦੀ ਖੇਤਰਾਂ ਵਿੱਚ ਇਕ ਮੋਬਾਈਲ ਸਾਇੰਸ ਲੈਬ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਡੀਜੀਪੀ ਗੌਰਵ ਯਾਦਵ, ਪ੍ਰਭਾਰੀ ਸਕੱਤਰ ਰਮੇਸ਼ ਕੁਮਾਰ ਗੈਂਟਾ, ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ, ਡੀਆਈਜੀ ਬਾਰਡਰ ਰੇਂਜ ਨਰਿੰਦਰ ਭਾਰਗਵ, ਡੀਸੀ ਅਮਿਤ ਤਲਵਾੜ, ਡੀਸੀ ਤਰਨ ਤਾਰਨ ਸੰਦੀਪ ਰਿਸ਼ੀ, ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ, ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਤੇ ਹੋਰ ਉਚ ਅਧਿਕਾਰੀ ਹਾਜ਼ਰ ਸਨ।