ਸ੍ਰੀ ਮੁਕਤਸਰ ਸਾਹਿਬ/ਦੋਦਾ, 20 ਸਤੰਬਰ
ਇੱਥੇ ਇੱਕ ਪ੍ਰਾਈਵੇਟ ਬੱਸ ਅੱਜ ਮੁਕਤਸਰ-ਕੋਟਕਪੂਰਾ ਰੋਡ ’ਤੇ ਸਥਿਤ ਪਿੰਡ ਝਬੇਲਵਾਲੀ ਕੋਲੋਂ ਲੰਘਦੀ ਸਰਹਿੰਦ ਫੀਡਰ ਨਹਿਰ ਵਿੱਚ ਜਾ ਡਿੱਗੀ। ਇਸ ਦੌਰਾਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ, 15 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਕੁੱਝ ਪਾਣੀ ਵਿੱਚ ਰੁੜ ਗਏ। ਬੱਸ ਵਿਚ ਕਰੀਬ 40-45 ਯਾਤਰੀ ਸਵਾਰ ਸਨ। ਨਿਊ ਦੀਪ ਟਰੈਵਲਜ਼ ਕੰਪਨੀ ਦੀ ਇਹ ਬੱਸ (ਨੰਬਰ ਪੀਬੀ04 ਏਸੀ0878) ਸ੍ਰੀ ਮੁਕਤਸਰ ਤੋਂ ਕਰੀਬ ਇੱਕ ਵਜੇ ਚੱਲੀ ਸੀ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਹਰਮਨਬੀਰ ਸਿੰਘ, ਸਿਵਲ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਆਰੰਭ ਦਿੱਤਾ। ਇਸੇ ਤਰ੍ਹਾਂ ਐੱਨਡੀਆਰਐੱਫ ਦੀਆਂ ਟੀਮਾਂ ਨੇ ਪਾਣੀ ਵਿਚ ਰੁੜੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ 5-6 ਸਵਾਰੀਆਂ ਪਾਣੀ ਵਿੱਚ ਰੁੜਨ ਦਾ ਖਦਸ਼ਾ ਹੈ। ਕਰੇਨ ਰਾਹੀਂ ਬੱਸ ਨੂੰ ਨਹਿਰ ’ਚੋਂ ਕੱਢ ਲਿਆ ਗਿਆ ਹੈ।
ਬੱਸ ਵਿੱਚੋਂ ਬਚ ਕੇ ਨਿਕਲੇ ਇਕ ਯਾਤਰੀ ਨੇ ਦੱਸਿਆ ਕਿ ਝਬੇਲਵਾਲੀ ਕੋਲ ਆ ਕੇ ਡਰਾਈਵਰ ਨੇ ਬੱਸ ਦੀ ਸਪੀਡ ਵਧਾ ਦਿੱਤੀ। ਭਾਰੀ ਮੀਂਹ ਕਾਰਨ ਅੱਗੇ ਕੁੱਝ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੌਰਾਨ ਬੱਸ ਜਦੋਂ ਸਰਹਿੰਦ ਫੀਡਰ ਨਹਿਰ ਦੇ ਪੁਲ ’ਤੇ ਚੜ੍ਹੀ ਤਾਂ ਸਾਹਮਣਿਓਂ ਕਿਸੇ ਵਾਹਨ ਨੂੰ ਸਾਈਡ ਦੇਣ ਲੱਗਿਆਂ ਬੱਸ ਰੇਲਿੰਗ ਤੋੜਦੀ ਹੋਈ ਨਹਿਰ ਵਿੱਚ ਲਟਕ ਗਈ। ਉਸ ਨੇ ਦੱਸਿਆ ਕਿ ਅੱਧੀ ਤੋਂ ਵੱਧ ਬੱਸ ਪਾਣੀ ਵਿਚ ਡੁੱਬ ਗਈ। ਅੱਗੇ ਬੈਠੀਆਂ ਸਵਾਰੀਆਂ ਪਾਣੀ ਵਿੱਚ ਡੁੱਬ ਗਈਆਂ ਅਤੇ ਪਿੱਛੇ ਬੈਠੀਆਂ ਸਵਾਰੀਆਂ ਵੀ ਅਗਲੀਆਂ ਸਵਾਰੀਆਂ ’ਤੇ ਜਾ ਡਿੱਗੀਆਂ। ਬੱਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਹਸਪਤਾਲ ਦੇ ਐਮਰਜੰਸੀ ਸਟਾਫ ਅਨੁਸਾਰ 15 ਵਿਅਕਤੀਆਂ ਨੂੰ ਹਸਪਤਾਲ ਲਿਆਦਾ ਗਿਆ, ਜਿਨ੍ਹਾਂ ’ਚੋਂ 11 ਜ਼ਖ਼ਮੀਆਂ ਨੂੰ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਦੋ ਨੂੰ ਮੁਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਮ੍ਰਿਤਕਾਂ ’ਚੋਂ ਪੰਜ ਦੀ ਪਛਾਣ ਪਰਵਿੰਦਰ ਕੌਰ ਵਾਸੀ ਬਠਿੰਡਾ, ਪ੍ਰੀਤੋ ਕੌਰ ਵਾਸੀ ਪਿੰਡ ਕੱਟਿਆਂ ਵਾਲੀ (ਮੁਕਤਸਰ ਸਾਹਿਬ), ਮੱਖਣ ਸਿੰਘ ਵਾਸੀ ਚੱਕ ਜਾਨੀਸਰ (ਫਾਜ਼ਿਲਕਾ), ਬਲਵਿੰਦਰ ਸਿੰਘ ਵਾਸੀ ਪਿੰਡ ਪੱਕਾ (ਫਰੀਦਕੋਟ) ਅਤੇ ਅਮਨਦੀਪ ਕੌਰ ਵਾਸੀ ਨਵਾਂ ਕਿਲਾ (ਫਰੀਦਕੋਟ) ਵਜੋਂ ਹੋਈ ਹੈ। ਬਾਕੀਆਂ ਦੀ ਪਛਾਣ ਲਈ ਲਾਸ਼ਾਂ ਸਿਵਲ ਹਸਪਤਾਲ ਮੁਕਤਸਰ ਦੀ ਮੋਰਚਰੀ ਵਿਚ ਰੱਖੀਆਂ ਗਈਆਂ ਹਨ। 24 ਘੰਟੇ ਚੱਲਣ ਵਾਲੇ ਇਸ ਕੰਟਰੋਲ ਰੂਮ ਦਾ ਨੰਬਰ 01633-262175 ਹੈ।