ਲੰਬੀ, 18 ਜੂਨ ਸਰਪੰਚਾਂ ਦੀ ਮਾਣ-ਭੇਟਾ ਲਈ ਪੰਜਾਬ ਸਰਕਾਰ ਨੇ ਕਰੀਬ 18.75 ਕਰੋੜ ਰੁਪਏ ਦਾ ਬਜਟ ਮਨਜ਼ੂਰ ਕਰ ਦਿੱਤਾ ਹੈ। ਸਰਕਾਰ ਵੱਲ ਸਰਪੰਚਾਂ ਦੇ ਕਰੀਬ 92 ਕਰੋੜ ਰੁਪਏ ਬਕਾਏ ਹਨ। ਪਿਛਲੇ ਪੰਜ ਸਾਲਾਂ ਦੌਰਾਨ 21 ਜ਼ਿਲ੍ਹਿਆਂ ’ਚ ਪਹਿਲੀ ਵਾਰ ਦਿੱਤੀ ਜਾ ਰਹੀ ਮਾਣ-ਭੇਟਾ ਦਾ ਵਧੇਰੇ ਸੁੱਖ ਨਵੇਂ ਚੁਣੇ ਸਰਪੰਚ ਮਾਣਨਗੇ। ਜਦਕਿ ਮੌਜੂਦਾ ਸਰਪੰਚਾਂ ਨੂੰ 12 ਸੌ ਰੁਪਏ ਪ੍ਰਤੀ ਮਹੀਨੇ ਮੁਤਾਬਕ ਅਪਰੈਲ ਤੋਂ ਜੁਲਾਈ ਤੱਕ ਸਿਰਫ਼ 48 ਸੌ ਰੁਪਏ ਮਿਲਣ ਦੀ ਸੰਭਾਵਨਾ ਹੈ। ਨਵੇਂ ਚੁਣੇ ਜਾਣ ਵਾਲੇ ਸਰਪੰਚਾਂ ਨੂੰ ਇਸ ਰਕਮ ਵਿਚੋਂ ਮੌਜੂਦਾ ਵਿੱਤੀ ਵਰ੍ਹੇ ’ਚ ਕਰੀਬ ਅੱਠ ਮਹੀਨੇ ਦਾ ਮਾਣ ਭੇਟਾ ਮਿਲੇਗਾ। ਜ਼ਿਕਰਯੋਗ ਹੈ ਕਿ ਸੂਬੇ ਵਿੱਚ ਜੁਲਾਈ-ਅਗਸਤ ਮਹੀਨੇ ’ਚ ਪੰਚਾਇਤੀ ਚੋਣਾਂ ਹੋਣੀਆਂ ਹਨ। ਸਰਪੰਚਾਂ ਵੱਲੋਂ ਇਸ ਸਬੰਧੀ ਕਈ ਚਿਰਾਂ ਤੋਂ ਸਰਕਾਰ ਤੱਕ ਪਹੁੰਚ ਕੀਤੀ ਜਾ ਰਹੀ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸਰਪੰਚਾਂ ਅਤੇ ਸਫ਼ਾਈ ਸੇਵਕਾਂ ਦਾ ਮਾਣ ਭੇਟਾ ਕਿਸ਼ਤਾਂ ’ਚ ਦੇਣ ਦੀ ਗੱਲ ਆਖੀ ਸੀ। ਹੁਣ ਸੂਬੇ ਦੀਆਂ 13028 ਗਰਾਮ ਪੰਚਾਇਤਾਂ ਲਈ ਵਿੱਤੀ ਵਰ੍ਹੇ 2018-19 ਦੀ ਰਕਮ ਜਾਰੀ ਕੀਤੀ ਗਈ ਹੈ। ਹਾਲਾਂਕਿ 13018 ਪਿੰਡਾਂ ਦੇ ਸਫ਼ਾਈ ਸੇਵਕਾਂ ਦੇ ਬਕਾਏ ਸਬੰਧੀ ਪੰਜਾਬ ਸਰਕਾਰ ਨੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਹੈ। ਸੂਬੇ ਦੇ ਪਿੰਡਾਂ ਵਿੱਚ ਸਫ਼ਾਈ ਸੇਵਕਾਂ ਨੂੰ ਪ੍ਰਤੀ ਮਹੀਨਾ ਤਿੰਨ ਸੌ ਰੁਪਏ (36 ਸੌ ਰੁਪਏ ਸਾਲਾਨਾ) ਮਿਹਨਤਾਨਾ ਦਿੱਤੇ ਜਾਣ ਦਾ ਨਿਯਮ ਹੈ। ਸਫ਼ਾਈ ਸੇਵਕਾਂ ਲਈ ਇਹ ਰਕਮ ਵੀ ਪਿਛਲੇ ਪੰਜ ਸਾਲਾਂ ਤੋਂ ਕਦੇ ਜਾਰੀ ਨਹੀਂ ਹੋਈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸਬੰਧੀ ਜਾਰੀ ਕੀਤੇ ਪੱਤਰ ਵਿੱਚ ਡੀ.ਡੀ.ਪੀ.ਓਜ਼ ਨੂੰ ਮਾਣ ਭੇਟਾ ਰਕਮ ਕਿਸੇ ਹੋਰ ਪਾਸੇ ਨਾ ਵਰਤਣ ਅਤੇ ਸਰਪੰਚਾਂ ਦੇ ਖ਼ਾਤਿਆਂ ’ਚ ਆਨਲਾਈਨ ਜਮ੍ਹਾ ਕਰਵਾਉਣ ਦੀ ਤਾਕੀਦ ਕੀਤੀ ਹੈ। ਸਰਪੰਚ ਐਸੋਸੀਏਸ਼ਨ ਲੰਬੀ ਦੇ ਬਲਾਕ ਪ੍ਰਧਾਨ ਸੁਖਚੈਨ ਸਿੰਘ ਕੱਖਾਂਵਾਲੀ ਅਤੇ ਅਵਤਾਰ ਸਿੰਘ ਫਤੂਹੀਵਾਲਾ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕਾਰਜਕਾਲ ਅਗਲੇ ਮਹੀਨਿਆਂ ’ਚ ਸਮਾਪਤ ਹੋ ਰਿਹਾ ਹੈ। ਇਸ ਲਈ ਉਨ੍ਹਾਂ ਦਾ ਬਕਾਇਆ ਜਾਰੀ ਕੀਤਾ ਜਾਵੇ।