ਸ਼ਾਹਬਾਦ ਮਾਰਕੰਡਾ, 31 ਅਗਸਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਹਰਿਆਣਾ ਦੀ ਸਿੱਖ ਸੰਗਤ ਸਰਕਾਰ ਵੱਲੋਂ ਥੋਪੀ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਤੇ ਕਮੇਟੀ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਥਨ ਦੇ ਕੇ ਜਿਤਾਉਣ ਲਈ ਤਿਆਰ ਹੈ।

ਕਮੇਟੀ ਪ੍ਰਧਾਨ ਧਾਮੀ ੲਿਥੇ ਕੁਰੂਕਸ਼ੇਤਰ ਦੇ ਸੈਕਟਰ-3 ਸਥਿਤ ਗੁਰਦੁਆਰੇ ਵਿੱਚ ਸੰਗਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਿੱਚ ਵੱਖਰੀ ਕਮੇਟੀ ਦੇ ਕਾਨੂੰਨੀ ਮਾਮਲੇ ਵਿੱਚ ਹਾਰ ਗਈ ਹੈ, ਪਰ ਚੋਣਾਂ ਸਬੰਧੀ ਬੁੱਧੀਜੀਵੀਆਂ ਨਾਲ ਕੀਤੇ ਮੰਥਨ ਤੋਂ ਪਤਾ ਲੱਗਦਾ ਹੈ ਕਿ ਅਗਲੇ ਕੁਝ ਮਹੀਨਿਆਂ ਵਿੱਚ ਹੋਣ ਵਾਲੀਆਂ ਕਮੇਟੀ ਦੀਆਂ ਚੋਣਾਂ ’ਚ ਉਹ ਜ਼ਰੂਰ ਜਿੱਤਣਗੇ।

ਸ੍ਰੀ ਧਾਮੀ ਨੇ ਕਿਹਾ ਕਿ ਹਰਿਆਣਾ ਦੀ ਸਿੱਖ ਸੰਗਤ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਰਥਨ ਦੇਣ ਲਈ ਤਿਆਰ ਹੈ, ਜਿਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਹਰ ਕਾਰਕੁਨ ਨੂੰ ਸਖ਼ਤ ਮਿਹਨਤ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਜਿਸ ਕਮੇਟੀ ਦੇ ਪ੍ਰਧਾਨ ’ਤੇ ਉਸੇ ਦੇ ਅਹੁਦੇਦਾਰਾਂ ਵੱਲੋਂ ਨਸ਼ੇੜੀ ਆਦਿ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਤੇ ਜਿਸ ਕਮੇਟੀ ਦੇ ਆਹੁਦੇਦਾਰ ਗੁਰਦੁਆਰੇ ਦੀ ਪਰਿਕਰਮਾ ਵਿੱਚ ਮਾਨ ਮਰਿਆਦਾ ਕਾਇਮ ਰੱਖਣ ਤੋਂ ਵੀ ਅਸਮਰੱਥ ਹਨ, ਉਨ੍ਹਾਂ ਤੋਂ ਹੋਰ ਕੀ ਉਮੀਦ ਰੱਖੀ ਜਾ ਸਕਦੀ ਹੈ।