ਨਵੀਂ ਦਿੱਲੀ, 5 ਅਪਰੈਲ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਮਲਿਆਲਮ ਨਿਊਜ਼ ਚੈਨਲ ‘ਮੀਡੀਆਵਨ’ ਦੇ ਟੈਲੀਕਾਸਟ ’ਤੇ ਲਾਈ ਪਾਬੰਦੀ ਹਟਾ ਦਿੱਤੀ ਹੈ। ਸਿਖਰਲੀ ਕੋਰਟ ਨੇ ਬਿਨਾਂ ਕਿਸੇ ਠੋਸ ਤੱਥ ਦੇ ਕੌਮੀ ਸੁਰੱਖਿਆ ਦਾ ਮਸਲਾ ਉਭਾਰਨ ਲਈ ਗ੍ਰਹਿ ਮੰਤਰਾਲੇ ਦੀ ਝਾੜ-ਝੰਬ ਵੀ ਕੀਤੀ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕੇਰਲਾ ਹਾਈ ਕੋਰਟ ਦੇ ਫੈਸਲੇ, ਜਿਸ ਵਿੱਚ ਸੁਰੱਖਿਆ ਕਾਰਨਾਂ ਦੇ ਹਵਾਲੇ ਨਾਲ ਕੇਂਦਰ ਵੱਲੋਂ ਚੈਨਲ ਦੇ ਟੈਲੀਕਾਸਟ ’ਤੇ ਲਾਈ ਪਾਬੰਦੀ ਨੂੰ ਬਰਕਰਾਰ ਰੱਖਿਆ ਗਿਆ ਸੀ, ਨੂੰ ਰੱਦ ਕਰ ਦਿੱਤਾ। ਸਿਖਰਲੀ ਕੋਰਟ ਨੇ ਕਿਹਾ ਕਿ ਸਰਕਾਰ ਪ੍ਰੈੱਸ ’ਤੇ ਬੇਤੁਕੀਆਂ ਪਾਬੰਦੀਆਂ ਨਹੀਂ ਲਾ ਸਕਦੀ ਕਿਉਂਕਿ ਇਸ ਨਾਲ ਪ੍ਰੈੱਸ ਦੀ ਆਜ਼ਾਦੀ ’ਤੇ ਨਿਰਾਸ਼ਾਜਨਕ ਅਸਰ ਪਏਗਾ। ਕੋਰਟ ਨੇ ਸਾਫ਼ ਕਰ ਦਿੱਤਾ ਕਿ ਸਰਕਾਰੀ ਨੀਤੀਆਂ ਖਿਲਾਫ਼ ਚੈਨਲ ਦੇ ਆਲੋਚਨਾਤਮਕ ਵਿਚਾਰਾਂ ਨੂੰ ਸਰਕਾਰ ਵਿਰੋਧੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਜ਼ਬੂਤ ਜਮਹੂਰੀਅਤ ਲਈ ਆਜ਼ਾਦ ਪ੍ਰੈੱਸ ਦਾ ਹੋਣਾ ਬਹੁਤ ਜ਼ਰੂਰੀ ਹੈ।