ਸੰਗਰੂਰ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ’ਤੇ ਸਿੱਖਿਆ ਪ੍ਰਤੀ ਗੰਭੀਰ ਨਾ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਆਪਣੀ ਕਾਬਲੀਅਤ ਕਾਰਨ ਵੱਖਰੀ ਪਛਾਣ ਬਣਾਉਣ ਵਾਲੇ ਪਿੰਡ ਰੱਤੋਕੇ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਰਕਾਰ ਨੂੰ ਨਜ਼ਰ ਨਹੀਂ ਆ ਰਿਹਾ।

ਪਿੰਡ ਰੱਤੋਕੇ ਪੁੱਜੇ ਸ੍ਰੀ ਮਾਨ ਨੇ ਕਿਹਾ ਕਿ ਸਿੰਗਾਪੁਰ ਦੇ ਵਿਦਿਆਰਥੀਆਂ ਦੀ ਟੀਮ ਪਿਛਲੇ 15 ਦਿਨਾਂ ਤੋਂ ਲੱਖਾਂ ਰੁਪਏ ਖਰਚ ਕਰਕੇ ਸਕੂਲ ਦੀ ਨੁਹਾਰ ਬਦਲਣ ਵਿੱਚ ਜੁਟੀ ਹੋਈ ਹੈ ਪ੍ਰੰਤੂ ਇਨ੍ਹਾਂ ਮਹਿਮਾਨ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਅਜੇ ਤੱਕ ਨਹੀਂ ਪੁੱਜਿਆ। ਉਨ੍ਹਾਂ ਦੱਸਿਆ ਕਿ ਉਹ 3.87 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਸਕੂਲ ਵਿੱਚ ਵਰਾਂਡਾ ਆਦਿ ਬਣਵਾ ਚੁੱਕੇ ਹਨ ਅਤੇ ਸਕੂਲ ਦੇ ਕੱਚੇ ਕੰਪਲੈਕਸ ਵਿੱਚ ਫਰਸ਼ ਲਗਾਉਣ ਲਈ ਅੱਜ ਪੰਜ ਲੱਖ ਰੁਪਏ ਹੋਰ ਦੇ ਦਿੱਤੇ ਹਨ। ਥਰਮਲ ਪਲਾਂਟ ਬੰੰਦ ਕਰਨ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਨਿੱਜੀ ਹੱਥਾਂ ਵਿੱਚ ਸੌਂਪ ਦਿੱਤੀ ਹੈ, ਜਿਸਦਾ ਖਾਮਿਆਜ਼ਾ ਰਾਜ ਦੇ ਲੋਕਾਂ ਨੂੰ ਭੁਗਤਣਾ ਪਵੇਗਾ। ਸ੍ਰੀ ਮਾਨ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਸੰਸਦ ਮੈਂਬਰ ਹਰ 15ਵੇਂ ਦਿਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਗੁਲਦਸਤਾ ਲੈ ਕੇ ਪਹੁੰਚ ਜਾਂਦੇ ਹਨ ਪ੍ਰੰਤੂ ਗ੍ਰਾਂਟਾਂ ਦੀ ਮੰਗ ਬਾਰੇ ਹੋਈ ਮੀਟਿੰਗ ਵਿੱਚ ਕੋਈ ਐਮ.ਪੀ. ਨਹੀਂ ਸੀ ਅਤੇ ਉਹ ਇਕੱਲੇ ਹੀ ਹਾਜ਼ਰ ਸਨ।