ਨਵੀਂ ਦਿੱਲੀ, 29 ਮਈ

ਸਰਕਾਰ ਨੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ਼ ਇੰਡੀਆ (ਯੂਆਈਡੀਏਆਈ) ਦੀ ਉਸ ਸਲਾਹ ਨੂੰ ਵਾਪਸ ਲੈ ਲਿਆ ਹੈ, ਜਿਸ ਵਿੱਚ ਆਮ ਲੋਕਾਂ ਨੂੰ ਆਪਣੇ ਆਧਾਰ ਦੀ ਫੋਟੋਕਾਪੀ ਕਿਸੇ ਵੀ ਸੰਸਥਾ ਨਾਲ ਸਾਂਝੀ ਕਰਨ ਦੇ ਵਿਰੁੱਧ ਸਾਵਧਾਨ ਕੀਤਾ ਗਿਆ ਸੀ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਉਹ ਆਧਾਰ ਦੀਆਂ ਫੋਟੋ ਕਾਪੀਆਂ ਨੂੰ ਸਾਂਝਾ ਨਾ ਕਰਨ ਦੀ ਸਲਾਹ ਦੇਣ ਵਾਲੀ ਪ੍ਰੈਸ ਰਿਲੀਜ਼ ਨੂੰ ਵਾਪਸ ਲੈ ਰਿਹਾ ਹੈ ਕਿਉਂਕਿ ਇਸ ਦੀ ਗਲਤ ਵਿਆਖਿਆ ਹੋ ਸਕਦੀ ਹੈ। ਮੰਤਰਾਲੇ ਨੇ ਕਿਹਾ,‘ਪ੍ਰੈਸ ਰਿਲੀਜ਼ ਵਿੱਚ ਲੋਕਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਆਪਣੀ ਆਧਾਰ ਫੋਟੋ ਕਾਪੀ ਕਿਸੇ ਵੀ ਸੰਸਥਾ ਨਾਲ ਸਾਂਝੀ ਨਾ ਕਰਨ ਕਿਉਂਕਿ ਇਸ ਦੀ ਦੁਰਵਰਤੋਂ ਹੋ ਸਕਦੀ ਹੈ। ਇਸ ਦੀ ਥਾਂ ਆਧਾਰ ਨੰਬਰ ਦੇ ਆਖਰੀ ਚਾਰ ਅੰਕਾਂ ਨੂੰ ਦਰਸਾਉਂਦਾ ਆਧਾਰ (ਮਾਸਕਡ ਆਧਾਰ) ਵਰਤਿਆ ਜਾ ਸਕਦਾ ਹੈ। ਇਸ ‘ਚ ਆਧਾਰ ਨੰਬਰ ਦੇ ਪਹਿਲੇ ਅੱਠ ਅੰਕ ਲੁਕੇ ਹੋਏ ਹਨ ਅਤੇ ਸਿਰਫ਼ ਆਖਰੀ ਚਾਰ ਅੰਕ ਹੀ ਦਿਖਾਈ ਦੇ ਰਹੇ ਹਨ ਪਰ ਇਸ ਰਿਲੀਜ਼ ਦੀ ਗਲਤ ਵਿਆਖਿਆ ਦੇ ਖਦਸ਼ੇ ਦੇ ਮੱਦੇਨਜ਼ਰ ਇਸ ਨੂੰ ਤੁਰੰਤ ਵਾਪਸ ਲਿਆ ਜਾਂਦਾ ਹੈ।’