ਮਾਨਸਾ, 11 ਅਪਰੈਲ
ਚੰਡੀਗੜ੍ਹ ਰੈਲੀ ਤੋਂ ਵਾਪਸੀ ਦੌਰਾਨ ਸੜਕ ਹਾਦਸੇ ਵਿੱਚ ਮਾਰੇ ਗਏ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਸਬੰਧੀ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਜ਼ਿਲ੍ਹਾ ਕਚਹਿਰੀ ਵਿੱਚ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਪੀੜਤ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਸੌਂਪੇ ਜਾਣ ਮਗਰੋਂ ਸਮਾਪਤ ਹੋ ਗਿਆ। ਜਥੇਬੰਦੀਆਂ ਨੇ ਦਾਅਵਾ ਕੀਤਾ ਕਿ ਜਿਹੜੀਆਂ ਮੰਗਾਂ ਸਬੰਧੀ 5 ਅਪਰੈਲ ਤੋਂ ਸੰਘਰਸ਼ ਵਿੱਢਿਆ ਹੋਇਆ ਸੀ, ਉਹ ਹੁਣ ਸਰਕਾਰ ਵੱਲੋਂ ਮੰਨੇ ਜਾਣ ਮਗਰੋਂ ਕਿਸਾਨਾਂ ਨੂੰ ਘਰੋ-ਘਰੀ ਜਾਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਮ੍ਰਿਤਕ ਕਿਸਾਨਾਂ ਦਾ ਅੰਤਿਮ ਸੰਸਕਾਰ ਭਲਕੇ ਪੋਸਟਮਾਰਟਮ ਹੋਣ ਤੋਂ ਬਾਅਦ ਉਨ੍ਹਾਂ ਦੇ ਪਿੰਡਾਂ ਵਿੱਚ ਕੀਤਾ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ 3 ਅਪਰੈਲ ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਕਲਾਂ ਦਾ ਸੁਰਜੀਤ ਸਿੰਘ ਅਤੇ ਕਾਹਨਗੜ੍ਹ ਦਾ ਕਿਸਾਨ ਅਜਮੇਰ ਸਿੰਘ ਸੜਕ ਹਾਦਸੇ ਵਿੱਚ ਮਾਰੇ ਗਏ ਸਨ। ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿਵਾਉਣ ਸਬੰਧੀ ਇੱਥੇ ਚੱਲ ਰਹੇ ਸੰਘਰਸ਼ ਦੌਰਾਨ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਹੋਏ ਸਮਝੌਤੇ ਤੋਂ ਬਾਅਦ ਇੱਕ ਵਾਰ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ। ਕਿਸਾਨ ਆਗੂ ਨੇ ਦੱਸਿਆ ਕਿ ਦੋਵੇਂ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਦੇ ਦਿੱਤੇ ਗਏ ਹਨ ਅਤੇ ਪੀੜਤ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਨੌਕਰੀ ਦੇਣ ਦੀ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ। ਨਾਲ ਹੀ ਕੁਝ ਸਮੇਂ ਦੀ ਕਾਰਵਾਈ ਮਗਰੋਂ ਕਰਜ਼ਾ ਵੀ ਖ਼ਤਮ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜ਼ਖ਼ਮੀ ਹੋਏ ਚਾਰ ਕਿਸਾਨਾਂ ਦੇ ਇਲਾਜ ਦਾ ਖਰਚਾ ਸਰਕਾਰ ਦੇਵੇਗੀ ਅਤੇ ਗੰਭੀਰ ਜ਼ਖ਼ਮੀ ਦੋ ਕਿਸਾਨਾਂ ਨੂੰ ਲੱਖ-ਲੱਖ ਰੁਪਏ ਅਤੇ ਘੱਟ ਜ਼ਖ਼ਮੀ ਦੋ ਕਿਸਾਨਾਂ ਨੂੰ 25-25 ਹਜ਼ਾਰ ਰੁਪਏ ਦੇ ਅੱਜ ਚੈੱਕ ਦੇ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਹੋਏ ਸਮਝੌਤੇ ਦੌਰਾਨ ਜ਼ਿਲ੍ਹਾ ਅਧਿਕਾਰੀਆਂ ਨੇ ਚੈੱਕ ਕਿਸਾਨ ਆਗੂਆਂ ਨੂੰ ਸੌਂਪੇ, ਜਿਨ੍ਹਾਂ ਨੇ ਅੱਗੇ ਧਰਨੇ ਦੌਰਾਨ ਇਕੱਠ ਵਿੱਚ ਸਟੇਜ ਤੋਂ ਪੀੜਤ ਪਰਿਵਾਰਾਂ ਨੂੰ ਚੈੱਕ ਦੇ ਦਿੱਤੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਰਾਮ ਸਿੰਘ ਭੈਣੀਬਾਘਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਮਨਜੀਤ ਸਿੰਘ ਧਨੇਰ, ਮਹਿੰਦਰ ਸਿੰਘ ਦਿਆਲਪੁਰਾ, ਬੀ.ਕੇ.ਯੂ ਕ੍ਰਾਂਤੀਕਾਰੀ ਦੇ ਸੁਰਮੁਖ ਸਿੰਘ ਸੇਲਬਰਾ ਨੇ ਵੀ ਸੰਬੋਧਨ ਕੀਤਾ।
ਕਿਸਾਨਾਂ ਦੀਆਂ ਦੇਹਾਂ ਦੀ ਹਾਲਤ ਵਿਗੜਨ ਲੱਗੀ
ਪਟਿਆਲਾ : ਸੜਕ ਹਾਦਸੇ ਵਿੱਚ ਮਾਰੇ ਗਏ ਦੋਵੇਂ ਕਿਸਾਨਾਂ ਦੀਆਂ ਲਾਸ਼ਾਂ 4 ਅਪਰੈਲ ਤੋਂ ਸਰਕਾਰੀ ਰਾਜਿੰਦਰਾ ਹਸਪਤਾਲ਼ ਵਿਚਲੇ ਮੁਰਦਾ ਘਰ ਵਿੱਚ ਪਈਆਂ ਹਨ ਪਰ ਇੱਥੇ ਲਾਸ਼ਾਂ ਨੂੰ ਬਹੁਤੇ ਦਿਨ ਰੱਖਣ ਦੇ ਢੁਕਵੇਂ ਪ੍ਰਬੰਧ ਨਾ ਹੋਣ ਕਾਰਨ ਲਾਸ਼ਾਂ ਦੀ ਹਾਲਤ ਵਿਗੜਨ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਇਸ ਕਰਕੇ ਗੌਰਮਿੰਟ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਫੌਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਵੱਲੋਂ ਐੱਸ.ਐੱਸ.ਪੀ ਪਟਿਆਲਾ ਨੂੰ 9 ਅਪਰੈਲ ਨੂੰ ਪੱਤਰ ਭੇਜ ਕੇ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸ ਹਸਪਤਾਲ਼ ਵਿਚਲੇ ਮੁਰਦਾ ਘਰ ਵਿੱਚ ਤਿੰਨ ਹੀ ਫਰੀਜ਼ਰ ਹਨ, ਜਿਨ੍ਹਾਂ ਵਿੱਚੋਂ ਦੋ ਖ਼ਰਾਬ ਹਨ। ਇਸ ਕਾਰਨ ਇਹ ਦੋਵੇਂ ਲਾਸ਼ਾਂ ਇੱਕੋ ਫਰੀਜ਼ਰ ਵਿੱਚ ਰੱਖੀਆਂ ਹੋਈਆਂ ਹਨ।