ਚੰਡੀਗੜ੍ਹ, 14 ਅਕਤੂਬਰ: ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਰੀਜ਼ਨਲ ਡਰੱਗ ਵੇਅਰ ਹਾਊਸ ਤੋਂ ਜ਼ਿਲ੍ਹਾ ਹਸਪਤਾਲ, ਸਬ-ਡਿਵੀਜ਼ਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਬਲਾਕ ਮੁੱਢਲਾ ਸਿਹਤ ਕੇਂਦਰ ਨੂੰ ਸਿੱਧੇ ਤੌਰ ‘ਤੇ ਦਵਾਈਆਂ ਦੀ ਸਪਲਾਈ ਕਰਨ ਦਾ ਫੈਸਲਾ ਲਿਆ ਹੈ। ਇਸ ਗੱਲ ਦਾ ਖੁਲਾਸਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾਂ ਜਿਲ੍ਹਾ ਹਸਪਤਾਲ ਰੀਜ਼ਨਲ ਡਰੱਗ ਵੇਅਰ ਹਾਊਸ ਤੋਂ ਸਪਲਾਈ ਲੈਕੇ ਅੱਗੇ ਹਸਪਤਾਲਾਂ ਨੂੰ ਵੰਡਦੇ ਸਨ ਜਿਸ ਕਾਰਨ ਕਈ ਹਸਪਤਾਲਾਂ ਵਿਚ ਜਰੂਰੀ ਦਵਾਈਆਂ ਦੀ ਮੁਕੰਮਲ ਸਪਲਾਈ ਨਹੀਂ ਹੋ ਪਾਉਂਦੀ ਸੀ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਨਿਰ-ਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਹੁਣ ਸਾਰੇ ਸਰਕਾਰੀ ਹਸਪਤਾਲ ਦਵਾਈਆਂ ਰੀਜ਼ਨਲ ਡਰੱਗ ਵੇਅਰ ਹਾਊਸ ਖਰੜ (ਮੁਹਾਲੀ), ਬਠਿੰਡਾ ਅਤੇ ਵੇਰਕਾ (ਅੰਮ੍ਰਿਤਸਰ) ਤੋਂ ਸਿੱਧੇ ਤੌਰ ਤੋਂ ਪ੍ਰਾਪਤ ਕਰਨਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਸੀਨੀਅਰ ਮੈਡੀਕਲ ਅਫਸਰਾਂ ਦੀ ਜਿੰਮੇਵਾਰੀ ਨਿਰਧਾਰਿਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਆਉਂਦੇ ਹਸਪਤਾਲਾਂ ਵਿਚ ਮਿਲਣ ਵਾਲੀਆਂ ਸਾਰੀਆਂ ਮੁਫਤ ਦਵਾਈਆਂ ਦੇ ਸਟਾਕ ਨੂੰ ਬਣਾਏ ਰੱਖਣ ਜਿਸ ਲਈ ਐਸ.ਐਮ.ਓ. ਦਵਾਈਆਂ ਦੀ ਆਨਲਾਈਨ ਮੰਗ ਈ-ਔਸ਼ਧੀ ਰਾਹੀਂ ਅਡਵਾਂਸ ਵਿਚ ਯਕੀਨੀ ਕਰਨ।
ਉਨ੍ਹਾਂ ਅੱਗੇ ਦੱਸਿਆ ਕਿ ਸਿਵਲ ਸਰਜਨਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਆਪ ਨਿੱਜੀ ਤੌਰ ‘ਤੇ ਸਰਕਾਰੀ ਹਸਪਤਾਲਾਂ ਵਿਚ ਜਾ ਕੇ ਚੈੱਕ ਕਰਨ ਕਿ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਕਿ ਨਹੀਂ ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਆਪਣੀ ਜੇਬ ਤੋਂ ਪੈਸਾ ਖਰਚ ਕੇ ਦਵਾਈਆਂ ਨਾ ਖਰੀਦਣੀਆਂ ਪੈਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸ ਲਈ ਮੌਜੂਦਾ ਸਮੇਂ ਵਿਚ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਦੇ ਸਟਾਕ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿਚ ਮਿਲਣ ਵਾਲੀ ਮੁਫਤ ਦਵਾਈ ਨਹੀਂ ਮਿਲ ਰਹੀ ਹੈ ਤਾਂ ਉਹ ਇਸ ਸਬੰਧੀ ਸ਼ਿਕਾਇਤ 104 ਹੈਲਪਲਾਈਨ ਨੰਬਰ ‘ਤੇ ਕਰ ਸਕਦਾ ਹੈ।
ਸ. ਬਲਬੀਰ ਸਿੰਘ ਸਿੱਧੂ ਨੇ ਤਿੰਨੋਂ ਰੀਜ਼ਨਲ ਡਰੱਗ ਵੇਅਰ ਹਾਊਸ ਨੂੰ ਵੀ ਕਿਹਾ ਹੈ ਕਿ ਘੱਟੋ-ਘੱਟ 3 ਮਹੀਨੇ ਦੇ ਦਵਾਈਆਂ ਦਾ ਸਟਾਕ ਨੂੰ ਯਕੀਨੀ ਤੌਰ ‘ਤੇ ਬਣਾ ਕੇ ਰੱਖਣ ਅਤੇ ਜੇਕਰ ਕਿਸੇ ਕੰਪਨੀ ਨਾਲ ਰੇਟ ਕਾਂਟਰੈਕਟ ਖਤਮ ਹੁੰਦਾ ਹੈ ਤਾਂ ਕੰਪਨੀਆਂ ਦਾ ਆਰਡਰ ਲੈਵਲ ਲਾਜਮੀ ਤੌਰ ‘ਤੇ ਫਿਕਸ ਕਰਨ ਜਿਸ ਨਾਲ ਜਰੂਰੀ ਦਵਾਈਆਂ ਦਾ ਸਟਾਕ ਵੇਅਰ ਹਾਊਸ ਵਿਚ ਉਪਲਬਧ ਰਹੇ।