ਨਵੀਂ ਦਿੱਲੀ, 28 ਨਵੰਬਰ
ਦੇਸ਼ ਭਰ ਦੇ ਸਰਕਾਰੀ ਸਕੂਲਾਂ ’ਚ 6ਵੀਂ ਤੋਂ 12ਵੀਂ ਕਲਾਸਾਂ ’ਚ ਪੜ੍ਹਦੀਆਂ ਲੜਕੀਆਂ ਲਈ ਮੁਫ਼ਤ ਸੈਨੇਟਰੀ ਪੈਡ ਪ੍ਰਦਾਨ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀਜ਼) ਤੋਂ ਜਵਾਬ ਮੰਗੇ ਹਨ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਪੀ ਐੱਸ ਨਰਸਿਮਹਾ ’ਤੇ ਆਧਾਰਿਤ ਬੈਂਚ ਨੇ ਸਮਾਜਿਕ ਕਾਰਕੁਨ ਜਯਾ ਠਾਕੁਰ (ਮੱਧ ਪ੍ਰਦੇਸ਼ ਆਧਾਰਿਤ ਡਾਕਟਰ) ਦੀ ਅਰਜ਼ੀ ਦਾ ਨੋਟਿਸ ਲੈਂਦਿਆਂ ਇਹ ਨੋਟਿਸ ਜਾਰੀ ਕੀਤੇ ਹਨ। ਬੈਂਚ ਨੇ ਇਸ ਮਾਮਲੇ ’ਚ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਦਾ ਸਹਿਯੋਗ ਮੰਗਦਿਆਂ ਕਿਹਾ ਕਿ ਪਟੀਸ਼ਨਰ ਨੇ ਸਰਕਾਰੀ ਅਤੇ ਸਰਕਾਰੀ ਏਡਿਡ ਸਕੂਲਾਂ ਦੀਆਂ ਵਿਦਿਆਰਥਣਾਂ ਦੀ ਸਾਫ਼-ਸਫ਼ਾਈ ਦਾ ਅਹਿਮ ਮੁੱਦਾ ਉਠਾਇਆ ਹੈ।