ਲੁਧਿਆਣਾ, 18 ਮਈ,ਸ਼ਹਿਰ ਦੇ ਗਿਆਸਪੁਰਾ ਇਲਾਕੇ ’ਚ ਕੇਂਦਰ ਸਰਕਾਰ ਦੀ ਮਦਦ ਨਾਲ ਝੁੱਗੀ ਝੋਂਪੜੀ ਵਾਲਿਆਂ ਲਈ ਬਣਾਏ ਗਏ ਫਲੈਟਾਂ ’ਤੇ ਨਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ’ਤੇ ਹਮਲਾ ਕਰ ਦਿੱਤਾ ਗਿਆ। ਕਾਬਜ਼ ਲੋਕਾਂ ਨੇ ਫਲੈਟ ਖਾਲੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਤੇ ਪ੍ਰਦਰਸ਼ਨ ਕਰਨ ਲੱਗੇ। ਇਸੇ ਦੌਰਾਨ ਮੁਜ਼ਾਹਰਾ ਕਰ ਰਿਹਾ ਇੱਕ ਨੌਜਵਾਨ ਫਲੈਟਾਂ ਵਿੱਚ ਲੱਗੀ ਬਾਰੀ ਵਿੱਚੋਂ ਬਿਜਲੀ ਦੇ ਖੰਭੇ ’ਤੇ ਚੜ੍ਹ ਕੇ ਨਾਅਰੇਬਾਜ਼ੀ ਕਰਨ ਲੱਗਿਆ। ਕੁਝ ਲੋਕ ਉਸ ਨੂੰ ਬਚਾਉਣ ਲੱਗੇ ਤਾਂ ਉਹ ਤਾਰਾਂ ਉਤੇ ਜਾ ਡਿੱਗਿਆ। ਤਾਰਾਂ ਵਿੱਚ ਕਰੰਟ ਹੋਣ ਕਾਰਨ ਉਸ ਨੂੰ ਜ਼ੋਰਦਾਰ ਝਟਕਾ ਲੱਗਣ ਕਰ ਕੇ ਡਿੱਗ ਪਿਆ। ਬਿਜਲੀ ਦੇ ਟ੍ਰਾਂਸਫਾਰਮਰ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਦੇ ਹੀ ਲੋਕ ਇੱਧਰ ਉਧਰ ਭੱਜੇ। ਇਸੇ ਦੌਰਾਨ, ਨੌਜਵਾਨ ਸਨੀ ਦੇ ਬੇਹੋਸ਼ ਹੋਣ ਤੋਂ ਲੋਕ ਗੁੱਸੇ ਵਿੱਚ ਆ ਗਏ ਤੇ ਉਨ੍ਹਾਂ ਨਗਰ ਨਿਗਮ ਦੀ ਟੀਮ ’ਤੇ ਹਮਲਾ ਕਰ ਦਿੱਤਾ। ਲੋਕਾਂ ਦੇ ਹੱਥ ‘ਚ ਜੋ ਆਇਆ, ਉਨ੍ਹਾਂ ਨੇ ਤੋੜ ਦਿੱਤਾ। ਇਸੇ ਦੌਰਾਨ, ਕੁਝ ਪ੍ਰਦਰਸ਼ਨਕਾਰੀਆਂ ਨੇ ਨਗਰ ਨਿਗਮ ਦੇ ਐਕਸੀਅਨ ਕਰਮਜੀਤ ਸਿੰਘ ਤੇ ਐਸ.ਡੀ.ਓ. ਕੁਲਵਿੰਦਰ ਸਿੰਘ ਦੀ ਕੁੱਟਮਾਰ ਕੀਤੀ ਉਨ੍ਹਾਂ ਦੀ ਗੱਡੀ ਭੰਨ੍ਹ ਦਿੱਤੀ। ਨਗਰ ਨਿਗਮ ਪੁਲੀਸ ਟੀਮ ਦੇ ਸਬ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੋਵੇਂ ਅਫ਼ਸਰਾਂ ਨੂੰ ਛੁਡਾਇਆ। ਇਸ ਤੋਂ ਬਾਅਦ ਭਾਰੀ ਤਦਾਦ ’ਚ ਪੁਲੀਸ ਮੌਕੇ ’ਤੇ ਪੁੱਜ ਗਈ। ਜ਼ਖਮੀ ਨੌਜਵਾਨ ਸਨੀ ਨੂੰ ਡੀਐਸਸੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਦਰਅਸਲ, ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਬਣਾਏ ਗਏ ਫਲੈਟਾਂ ਵਿੱਚ 500 ਦੇ ਕਰੀਬ ਫਲੈਟਾਂ ਵਿੱਚ ਝੁੱਗੀ ਝੋਂਪੜੀ ਵਾਲਿਆਂ ਨੂੰ ਸ਼ਿਫਟ ਕੀਤਾ ਸੀ ਜਦਕਿ 223 ਫਲ਼ੈਟਾਂ ’ਚ ਕੁਝ ਪਰਿਵਾਰਾਂ ਨੇ ਨਾਜਾਇਜ਼ ਕਬਜ਼ਾ ਕਰ ਲਿਆ। ਪਿਛਲੇ ਦਿਨਾਂ ‘ਚ ਨਗਰ ਨਿਗਮ ਦੀ ਟੀਮ ਨੇ ਸਰਵੇਖਣ ਕੀਤਾ ਤਾਂ 223 ਫਲੈਟਾਂ ‘ਤੇ ਨਜਾਇਜ਼ ਕਬਜ਼ਾ ਕਰੀ ਬੈਠੇ ਸਨ ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਸਨ। ਏਡੀਸੀਪੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਕਸੂਰਵਾਰ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।