ਸੰਗਰੂਰ, 18 ਜੂਨ
ਪੰਜਾਬ ਸਰਕਾਰ ਨੇ ਭਾਵੇਂ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਸਖ਼ਤ ਆਦੇਸ਼ ਦਿੱਤੇ ਹੋਏ ਹਨ, ਪਰ ਕਿਸਾਨ ਝੋਨੇ ਦੀ ਲਵਾਈ ਵਿੱਚ ਜੁਟੇ ਹੋਏ ਹਨ। ਕੱਲ੍ਹ ਤੇ ਅੱਜ ਹੋਈ ਬਾਰਸ਼ ਮਗਰੋਂ ਇਸ ਜ਼ਿਲ੍ਹੇ ’ਚ ਝੋਨੇ ਦੀ ਲਵਾਈ ਨੇ ਜ਼ੋਰ ਫੜ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਦਾਅਵਾ ਹੈ ਕਿ ਜ਼ਿਲ੍ਹੇ ’ਚ 15 ਫ਼ੀਸਦੀ ਤੱਕ ਝੋਨੇ ਦੀ ਲਵਾਈ ਹੋ ਚੁੱਕੀ ਹੈ।
ਪੰਜਾਬ ਸਰਕਾਰ ਵੱਲੋਂ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹੋਏ ਹਨ, ਪਰ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ। 11 ਜੂਨ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨ ਪਾਵਰਕੌਮ ਦੇ ਮੰਡਲ ਦਫ਼ਤਰਾਂ ਅੱਗੇ ਰੋਸ ਧਰਨਿਆਂ ’ਤੇ ਡਟੇ ਹੋਏ ਹਨ ਅਤੇ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਲਈ 16 ਘੰਟੇ ਬਿਜਲੀ ਸਪਲਾਈ ਦੀ ਮੰਗ ਕਰ ਰਹੇ ਹਨ। ਕਿਸਾਨ ਜਥੇਬੰਦੀ ਵੱਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੇ ਦਿੱਤੇ ਸੱਦੇ ਤਹਿਤ ਜ਼ਿਲ੍ਹੇ ਵਿੱਚ ਝੋਨੇ ਦੀ ਲਵਾਈ ਜਾਰੀ ਹੈ। ਪਿੰਡ ਛਾਜਲੀ ਅਤੇ ਘਾਬਦਾਂ ਵਿੱਚ ਝੋਨਾ ਵਹਾਉਣ ਗਏ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਘੇਰ ਲਿਆ ਗਿਆ ਸੀ, ਜਿਨ੍ਹਾਂ ਨੂੰ ਤੌਬਾ ਕਰਕੇ ਖਹਿੜਾ ਛੁਡਾਉਣਾ ਪਿਆ ਸੀ। ਕਿਸਾਨਾਂ ਵੱਲੋਂ ਸਰਕਾਰ ਦੇ ਆਦੇਸ਼ਾਂ ਨੂੰ ਟਿੱਚ ਸਮਝਦਿਆਂ ਪਹਿਲਾਂ ਹੀ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਸੀ, ਪਰ ਹੁਣ ਮੌਸਮ ਵੀ ਕਿਸਾਨਾਂ ਉਪਰ ਮਿਹਰਬਾਨ ਹੋ ਗਿਆ ਹੈ। ਕੱਲ੍ਹ ਤੇ ਅੱਜ ਹੋਈ ਬਾਰਸ਼ ਮਗਰੋਂ ਕਿਸਾਨ ਝੋਨੇ ਦੀ ਲਵਾਈ ਵਿੱਚ ਜੁਟ ਗਏ ਹਨ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਝੋਨੇ ਦੀ ਲਵਾਈ ਜ਼ੋਰਾਂ ’ਤੇ ਹੈ। ਹੁਣ ਤਾਂ ਖੇਤੀਬਾੜੀ ਵਿਭਾਗ ਵੀ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲੇ ਵਿੱਚ ਬੇਵੱਸ ਦਿਖਾਈ ਦੇ ਰਿਹਾ ਹੈ।
ਝੋਨਾ ਲਾਉਣ ਵਿੱਚ ਜੁਟੇ ਪਿੰਡ ਬਡਰੁੱਖਾਂ ਦੇ ਕਈ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਕਿਸਾਨਾਂ ਤੋਂ ਪਾਸਾ ਵੱਟ ਲਿਆ ਹੈ ਤਾਂ ਇੰਦਰ ਦੇਵਤਾ ਤਾਂ ਮਿਹਰਬਾਨ ਹੈ। ਉਨ੍ਹਾਂ ਕਿਹਾ ਕਿ ਜਦੋਂ ਝੋਨੇ ਲਈ ਖੇਤ ਅਤੇ ਝੋਨਾ ਲਗਾਉਣ ਲਈ ਮਜ਼ਦੂਰ ਤਿਆਰ ਹਨ ਤਾਂ ਫਿਰ ਉਡੀਕ ਕਿਉਂ ਕਰੀਏ। ਭਾਕਿਊ ਏਕਤਾ (ਉਗਰਾਹਾਂ) ਦੇ ਆਗੂ ਗੋਬਿੰਦਰ ਸਿੰਘ ਮੰਗਵਾਲ ਦਾ ਦਾਅਵਾ ਹੈ ਕਿ 10 ਜੂਨ ਤੋਂ ਮਗਰੋਂ ਹੁਣ ਤੱਕ ਇੱਕ ਹਫ਼ਤੇ ਦੌਰਾਨ ਜ਼ਿਲ੍ਹੇ ਵਿੱਚ ਕਰੀਬ 15 ਫ਼ੀਸਦੀ ਰਕਬੇ ਵਿੱਚ ਝੋਨੇ ਦੀ ਲਵਾਈ ਹੋ ਚੁੱਕੀ ਹੈ ਅਤੇ ਹੁਣ ਬਾਰਸ਼ ਪੈਣ ਨਾਲ ਝੋਨੇ ਦੀ ਲਵਾਈ ਨੇ ਜ਼ੋਰ ਫੜ ਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 20 ਜੂਨ ਤੱਕ ਜ਼ਿਲ੍ਹੇ ਵਿੱਚ 25 ਫ਼ੀਸਦੀ ਤੋਂ ਵੱਧ ਰਕਬੇ ਵਿੱਚ ਝੋਨੇ ਦੀ ਲਵਾਈ ਹੋ ਜਾਵੇਗੀ। ਉਧਰ, ਕਾਰਜਕਾਰੀ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰਪਾਲ ਸਿੰਘ ਨੇ ਕਿਸਾਨਾਂ ਦੇ ਦਾਅਵੇ ਨੂੰ ਨਕਾਰਦਿਆਂ ਕਿਹਾ ਕਿ ਅਜੇ ਤੱਕ ਸਿਰਫ਼ ਇੱਕ ਫ਼ੀਸਦੀ ਰਕਬੇ ਵਿੱਚ ਹੀ ਝੋਨਾ ਲੱਗਿਆ ਹੈ। ਹੁਣ ਤੱਕ ਸੱਤ ਏਕੜ ਝੋਨਾ ਵਾਹਿਆ ਜਾ ਚੁੱਕਿਆ ਹੈ ਅਤੇ 20 ਕਿਸਾਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।