ਦੁਬਈ:ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ 2021 ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਆਈਸੀਸੀ ਦਾ ਸਾਲ ਦੀ ਸਰਵੋਤਮ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਹਾਸਲ ਕੀਤਾ ਹੈ। ਮੰਧਾਨਾ ਤੋਂ ਇਲਾਵਾ ਇੰਗਲੈਂਡ ਦੀ ਟੈਮੀ ਬਿਊਮੌਂਟ, ਦੱਖਣੀ ਅਫ਼ਰੀਕਾ ਦੀ ਲਿਜ਼ੇਲ ਲੀ ਤੇ ਆਇਰਲੈਂਡ ਦੀ ਗੈਬੀ ਲੁਈਸ ਵੀ ਰਸ਼ੇਲ ਹੇਹੋ ਫਲਿੰਟ ਟਰਾਫ਼ੀ ਲਈ ਨਾਮਜ਼ਦ ਸਨ। ਮੰਧਾਨਾ ਨੂੰ ਆਈਸੀਸੀ ਦੀ ਸਾਲ ਦੀ ਟੀ20 ਟੀਮ ਵਿਚ ਵੀ ਥਾਂ ਮਿਲੀ ਹੈ। ਮੰਧਾਨਾ ਨੇ 2018 ਵਿਚ ਵੀ ਇਹ ਪੁਰਸਕਾਰ ਜਿੱਤਿਆ ਸੀ ਤੇ ਉਹ ਸਾਲ ਦੀ ਸਰਵੋਤਮ ਮਹਿਲਾ ਇਕ ਰੋਜ਼ਾ ਕ੍ਰਿਕਟਰ ਚੁਣੀ ਗਈ ਸੀ। ਉਹ ਝੂਲਨ ਗੋਸਵਾਮੀ ਤੋਂ ਬਾਅਦ ਇਹ ਪੁਰਸਕਾਰ ਜਿੱਤਣ ਵਾਲੀ ਦੂਜੀ ਭਾਰਤੀ ਮਹਿਲਾ ਕ੍ਰਿਕਟਰ ਹੈ। ਝੂਲਨ ਨੂੰ ਇਹ ਪੁਰਸਕਾਰ 2007 ਵਿਚ ਮਿਲਿਆ ਸੀ।