ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਵਿਚ ਐਤਵਾਰ ਦੁਪਹਿਰ ਕੇਐੱਮ ਬਰਸੀਲੋਨਾ ਵੀਐੱਮ ਨਾਂ ਦੇ ਯਾਤਰੀ ਜਹਾਜ਼ ਵਿਚ ਤਾਲਿਸੇ ਦੀਪ ਕੋਲ ਭਿਆਨਕ ਅੱਗ ਲੱਗ ਗਈ। ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ। ਜਹਾਜ਼ ਵਿਚ 280 ਯਾਤਰੀ ਸਵਾਰ ਸਨ ਜਿਨ੍ਹਾਂ ਵਿਚੋਂ ਲਗਭਗ 150 ਯਾਤਰੀਆਂ ਨੂੰ ਸੁਰਖਿਅਤ ਬਚਾ ਲਿਆ ਗਿਆ ਹੈ ਜਦੋਂ ਕਿ 100 ਤੋਂ ਵੱਧ ਲੋਕ ਲਾਪਤਾ ਹਨ,ਇਨ੍ਹਾਂ ਦੀ ਭਾਲ ਜਾਰੀ ਹੈ। ਅੱਗ ਦੇ ਤੇਜ਼ੀ ਨਾਲ ਫੈਲਣ ਕਾਰਨ ਆਪਣੀ ਜਾਨ ਬਚਾਉਣ ਲਈ ਕਈ ਯਾਤਰੀਆਂ ਨੇ ਸਮੁੰਦਰ ਵਿਚ ਛਾਲ ਮਾਰ ਦਿੱਤੀ ਸੀ।

ਜਹਾਜ਼ ਤਾਲੌਦ ਦੀਪਾਂ ਤੋਂ ਮਨਾਡੋ ਪੋਰਟ ਵੱਲ ਜਾ ਰਿਹਾ ਸੀ। ਖੇਤਰੀ ਆਪਦਾ ਪ੍ਰਬੰਧਨ ਏਜੰਸੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅੱਗ ਦੁਪਹਿਰ ਲਗਭਗ 1.30 ਵਜੇ ਸ਼ੁਰੂ ਹੋਈ ਤੇ ਤੇਜ਼ੀ ਨਾਲ ਪੂਰੇ ਜਹਾਜ਼ ਵਿਚ ਫੈਲ ਗਈ। ਅਜੇ ਤੱਕ ਅੱਗ ਲੱਗਣ ਦਾ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇੰਡੋਨੇਸ਼ੀਆ ਦੀ ਰਾਸ਼ਟਰੀ ਖੋਜ ਤੇ ਬਚਾਅ ਏਜੰਸੀ, ਨੌਸੈਨਾ ਤੇ ਸਥਾਨਕ ਮਛੇਰਿਆਂ ਨੇ ਮਿਲ ਕੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਲਿਕੁਪਾਂਗ ਪੋਰਟ ‘ਤੇ ਇਕ ਕਮਾਂਡ ਪੋਸਟ ਬਣਾਇਆ ਗਿਆ ਹੈ ਜਿਥੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ।
ਅੱਗ ਲੱਗਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਯਾਤਰੀਆਂ ਦਾ ਪਤਾ ਲੱਗਣ ਦੇ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ। ਯਾਤਰੀਆਂ ਦੇ ਪਰਿਵਾਰ ਵਾਲਿਆਂ ਤੋਂ ਸ਼ਾਂਤ ਰਹਿਣ ਤੇ ਅਧਿਕਾਰਕ ਅਪਡੇਟ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਗਈ ਹੈ।