ਚੰਡੀਗੜ੍ਹ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਮਹਿਲਾਵਾਂ ਨੂੰ ਜ਼ਿੰਦਗੀ ਭਰ ਹਰੇਕ ਕਦਮ ’ਤੇ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦਕਿ ਸਮਾਜ ਦਾ ਵਿਕਾਸ ਮਹਿਲਾ ਸ਼ਕਤੀ ਬਿਨਾਂ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਮਾਪੇ ਆਪਣੀਆਂ ਧੀਆਂ ਨੂੰ ਖੁੱਲ੍ਹੇ ਵਿੱਚ ਜਿਉਣ ਦਾ ਮੌਕਾ ਦੇ ਕੇ ਉਨ੍ਹਾਂ ਨੂੰ ਵਿਚਾਰਕ ਤੇ ਸਮਾਜਿਕ ਆਜ਼ਾਦੀ ਦੇਣਗੇ ਤਾਂ ਹੀ ਉਨ੍ਹਾਂ ਨੂੰ ਨਵੇਂ-ਨਵੇਂ ਖੇਤਰਾਂ ਵਿੱਚ ਕੰਮ ਕਰਨ ਦਾ ਮੌਕਾ ਮਿਲੇਗਾ। ਮੇਹਰ ਚੰਦ ਮਹਾਜਨ ਡੀਏਵੀ ਕਾਲਜ (ਲੜਕੀਆਂ) ਸੈਕਟਰ-36 ਦੇ ਗੋਲਡਨ ਜੁਬਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਬੇਟੀਆਂ ਨੂੰ ਆਜ਼ਾਦੀ ਮਿਲਣ   ਤੋਂ ਬਾਅਦ ਉਨ੍ਹਾਂ ਦਾ ਆਤਮ ਵਿਸ਼ਵਾਸ ਵਧੇਗਾ ਅਤੇ ਉਹ ਬੁਲੰਦੀਆਂ ਛੂਹ ਸਕਣਗੀਆਂ।  ਉਨ੍ਹਾਂ ਹੁਣੇ ਜਿਹੇ ਫਲਾਇੰਗ ਅਫ਼ਸਰ ਅਵਨੀ ਚਤੁਰਵੇਦੀ ਵੱਲੋਂ ਇਕੱਲਿਆਂ ਹੀ ਲੜਾਕੂ ਜਹਾਜ਼ ਦੀ ਉਡਾਣ ਭਰ ਕੇ ਨਵਾਂ ਇਤਿਹਾਸ ਸਿਰਜਣ ਦੀ ਮਿਸਾਲ ਦਿੱਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਮਿਲਣ ਕਾਰਨ ਹੀ ਫੋਗਾਟ ਭੈਣਾਂ, ਪੀ ਵੀ ਸਿੰਧੂ, ਸਾਨੀਆ ਮਿਰਜ਼ਾ, ਸਾਨੀਆ ਨੇਹਵਾਲ ਅਤੇ ਅਰੁਣਾ ਰੈੱਡੀ ਨੇ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰੀਆਂ ਹਨ। ਮਹਿਲਾਵਾਂ ਸਿਰ ਘਰੇਲੂ ਜ਼ਿੰਮੇਵਾਰੀਆਂ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਰਾਹ ਦੀਆਂ ਜ਼ੰਜੀਰਾਂ ਨਹੀਂ ਬਣਨੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਮੁੱਕੇਬਾਜ਼ ਮੇਰੀ ਕੌਮ ਨੇ ਵਿਆਹ ਕਰਨ ਤੋਂ ਬਾਅਦ ਖੇਡਾਂ ਵਿੱਚ ਉੱਚਾਈਆਂ ਛੂਹ ਕੇ ਮਿਸਾਲ ਕਾਇਮ ਕੀਤੀ ਹੈ। ਸ੍ਰੀ ਕੋਵਿੰਦ ਨੇ ਕਿਹਾ ਕਿ ਸਮਾਜ ਸੁਧਾਰਕ ਸਵਾਮੀ ਦਿਆਨੰਦ ਦੀ ਪ੍ਰੇਰਨਾ ਅਤੇ ਹਾਈ ਕੋਰਟ ਦੇ ਮਰਹੂਮ ਮੁੱਖ ਜੱਜ ਮੇਹਰ ਚੰਦ ਮਹਾਜਨ ਦੇ ਸਹਿਯੋਗ ਨਾਲ ਸਥਾਪਤ ਇਹ ਡੀਏਵੀ ਕਾਲਜ ‘ਦਿਆਨੰਦ ਐਂਗਲੋ-ਵੈਦਿਕ’ ਸਿੱਖਿਆ ਸੰਸਥਾਵਾਂ ਵਿੱਚੋਂ ਇਕ ਹੈ। ਉਨ੍ਹਾਂ ਖੁਦ ਵੀ ਕਾਨਪੁਰ ਵਿੱਚ ਡੀਏਵੀ ਸੰਸਥਾ ਤੋਂ ਕੁਝ ਸਮਾਂ ਸਿੱਖਿਆ ਹਾਸਲ ਕੀਤੀ। ਸਿੱਖਿਆ ਅਤੇ ਸਮਾਜ ਸੁਧਾਰ ਨੂੰ ਵਿਕਾਸ ਦੀਆਂ ਲੀਹਾਂ ’ਤੇ ਪਾਉਣ ਦਾ ਇਕ ਪ੍ਰਪੱਕ ਰਾਹ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੀ ਆਪਣੇ ਦੇਸ਼ ਅਤੇ ਸਮਾਜ ਲਈ ਬਣਦੀਆਂ ਜ਼ਿੰਮੇਵਾਰੀਆਂ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ, ਹਿਮਾਚਲ ਦੇ ਰਾਜਪਾਲ ਆਚਾਰਿਆ ਦੇਵਵਰੱਤ ਅਤੇ ਸੰਸਦ ਮੈਂਬਰ ਕਿਰਨ ਖੇਰ ਸਮੇਤ ਯੂਨੀਵਰਸਿਟੀਆਂ ਦੇ ਕੁਲਪਤੀ ਵੀ ਮੌਜੂਦ ਸਨ। ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦਿੱਲੀ ਦੇ ਪ੍ਰਧਾਨ ਡਾ. ਪੂਨਮ ਸੂਰੀ ਨੇ ਦੱਸਿਆ ਕਿ ਡੀਏਵੀ ਸੰਸਥਾਵਾਂ ਮਹਿਲਾ ਸਿੱਖਿਆ ਵਿੱਚ ਵੱਡੇ ਇਤਿਹਾਸ ਸਿਰਜ ਚੁੱਕੀਆਂ ਹਨ। ਇਸ ਮੌਕੇ ਕਾਲਜ ਦੀਆਂ ਵੱਖ-ਵੱਖ ਖੇਤਰਾਂ ਵਿੱਚ ਮੱਲ੍ਹਾਂ ਮਾਰਨ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ।