ਚੰਡੀਗੜ੍ਹ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗਪਤੀਆਂ ਨੂੰ ਸਮਾਜ ਭਲਾਈ ਦਾ ਏਜੰਡਾ ਲਾਗੂ ਕਰਨ ਲਈ ਸੂਬਾ ਸਰਕਾਰ ਦਾ ਸਾਥ ਦੇਣ ਦਾ ਸੱਦਾ ਦਿੰਦਿਆਂ ਹਾਲ ਹੀ ਵਿੱਚ ਸਥਾਪਤ ਕੀਤੇ ਸਮਾਜਿਕ ਸੁਰੱਖਿਆ ਫੰਡ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਆਪਣਾ ਯੋਗਦਾਨ ਪਾਉਣ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਨਵੀਂ ਸਨਅਤੀ ਨੀਤੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਸਨਅਤਕਾਰਾਂ ਦੇ ਵਿਚਾਰ ਤੇ ਫੀਡਬੈਕ ਜਾਣਨ ਲਈ ਅੱਜ ਸ਼ਾਮ ਸੂਬੇ ਦੇ ਵੱਡੇ ਸਨਅਤਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਸਮਾਜ ਦੇ ਕਮਜ਼ੋਰ ਤਬਕਿਆਂ ਖਾਸ ਕਰਕੇ ਦਲਿਤਾਂ ਲਈ ਸਮਾਜਿਕ ਸੁਰੱਖਿਆ ਦੇ ਢਾਂਚੇ ਦੇ ਨਿਰਮਾਣ ਲਈ ਸਨਅਤਕਾਰਾਂ ਨੂੰ ਸੂਬਾ ਸਰਕਾਰ ਨਾਲ ਹੱਥ ਮਿਲਾਉਣ ਦਾ ਵਿਚਾਰ ਪੇਸ਼ ਕੀਤਾ। ਕਾਰੋਬਾਰੀਆਂ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਈ, ਜਿਸ ਨਾਲ ਸੂਬਾ ਸਰਕਾਰ ਬੱਚਤ ਦਾ ਮੁੜ ਨਿਵੇਸ਼ ਕਰ ਸਕੇਗੀ, ਜੋ ਸਨਅਤੀ ਹੁਲਾਰੇ ਲਈ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚਿਆ ਜਾ ਸਕੇਗਾ। ਕੈਪਟਨ ਨੇ ਕਿਹਾ ਕਿ ਭਾਵੇਂ ਕਿ ਸੂਬਾ ਵਿੱਤੀ ਤੰਗੀ ਦੇ ਮੱਦੇਨਜ਼ਰ ਇਸ ਹਾਲਤ ਵਿੱਚ ਨਹੀਂ ਹੈ ਕਿ ਸਨਅਤ ਲਈ ਦਿੱਤੀ ਜਾ ਚੁੱਕੀ ਬਿਜਲੀ ਸਬਸਿਡੀ ਤੋਂ ਇਲਾਵਾ ਹੋਰ ਵਿੱਤੀ ਰਿਆਇਤਾਂ ਦੇ ਸਕੇ ਪਰ ਉਨ੍ਹਾਂ ਦੀ ਸਰਕਾਰ ਵਪਾਰ ਤੇ ਹੋਰ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਕੇ ਹਾਂ-ਪੱਖੀ ਮਾਹੌਲ ਸਿਰਜਣ ਲਈ ਹਰ ਸੰਭਵ ਕਦਮ ਚੁੱਕੇਗੀ।
ਏਵਨ ਸਾਈਕਲ ਦੇ ਚੇਅਰਮੈਨ ਤੇ ਐੱਮ.ਡੀ. ਓਂਕਾਰ ਪਾਹਵਾ ਨੇ ਬਿਜਲੀ ਸਬਸਿਡੀ ਦੇ ਬਾਵਜੂਦ ਛੋਟੇ ਪੱਧਰ ਦੀਆਂ ਸਨਅਤੀ ਇਕਾਈਆਂ ਲਈ ਬਿਜਲੀ ਦੀ ਕੀਮਤ ਵੱਧ ਰਹਿਣ ’ਤੇ ਚਿੰਤਾ ਜ਼ਾਹਰ ਕੀਤੀ, ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਆਪਣੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਇਹ ਖਰਚਾ ਘਟਾਉਣ ਲਈ ਰਾਹ ਲੱਭਣ ਵਾਸਤੇ ਐੱਸ.ਐਮ.ਈ.ਐੱਸ. ਨਾਲ ਮਾਮਲਾ ਉਠਾਉਣ ਲਈ ਆਖਿਆ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੇ ਸੂਬੇ ਵਿੱਚ ਕੱਪੜਾ ਕਾਰੋਬਾਰ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਦੀਆਂ ਵਸਤਾਂ ਦੀ ਬਰਾਮਦ ਤੋਂ ਵੱਡੀ ਸਮਰਥਾ ਉਭਰ ਰਹੀ ਹੈ। ਮੁੱਖ ਮੰਤਰੀ ਨੇ ਆਪਣੀ ਸਰਕਾਰ ਵੱਲੋਂ ਇਸ ਸੈਕਟਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਆਈਵੀ ਹੈਲਥਕੇਅਰ ਗਰੁੱਪ ਦੇ ਚਅਰਮੈਨ ਗੁਰਤੇਜ ਸਿੰਘ ਦੇ ਸੁਝਾਅ ’ਤੇ ਮੁੱਖ ਮੰਤਰੀ ਨੇ ਸਿਹਤ ਸੰਭਾਲ ਉਦਯੋਗ ਨੂੰ ਹੋਰ ਲਾਭ ਦੇਣ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਸੂਬੇ ’ਚ ਮੈਡੀਕਲ ਸੈਰ-ਸਪਾਟਾ ਨੂੰ ਹੋਰ ਉਤਸ਼ਾਹਿਤ ਕਰਨ ਲਈ ਕਈ ਕਦਮਾਂ ’ਤੇ ਚਰਚਾ ਕੀਤੀ ਗਈ।
ਵਰਧਮਾਨ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਸਚਿਤ ਜੈਨ ਨੇ ਪੰਜਾਬ ਵਿੱਚ ਸਿੱਖਿਆ ਢਾਂਚੇ ਨੂੰ ਸੁਧਾਰਨ ਲਈ ਉਦਯੋਗਪਤੀਆਂ ਨੂੰ ਸਰਕਾਰ ਦੇ ਯਤਨਾਂ ਨੂੰ ਸਹਿਯੋਗ ਕਰਨ ਲਈ ਮੁੱਖ ਮੰਤਰੀ ਦੇ ਸੁਝਾਅ ਦਾ ਸਵਾਗਤ ਕੀਤਾ। ਮੁੱਖ ਮੰਤਰੀ ਨੇ ਉਦਯੋਗਾਂ ਵੱਲੋਂ ਸਕੂਲ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਵਿਚਾਰ ਵੀ ਮੀਟਿੰਗ ਵਿੱਚ ਰੱਖਿਆ।
ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਹਿੱਸੇ ਵਜੋਂ ਇਕੱਠਿਆਂ ਮਿਲ ਕੇ ਸੂਬੇ ਵਿੱਚ ਇੱਕ ਆਈ.ਟੀ.ਆਈ. ਸਥਾਪਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਨਅਤ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਸਹਿਯੋਗ ਕਰ ਸਕਦਾ ਹੈ, ਜਿਸ ਨਾਲ ਸੂਬੇ ਵਿੱਚ ਨੌਕਰੀ ਦੇ ਮੌਕੇ ਪੈਦਾ ਕਰਨ ਨੂੰ ਵੱਡਾ ਹੁਲਾਰਾ ਮਿਲੇਗਾ। ਉਦਯੋਗਪਤੀਆਂ ਨੇ ਇਨ੍ਹਾਂ ਸੁਝਾਵਾਂ ’ਤੇ ਕੰਮ ਕਰਨ ਲਈ ਰਜ਼ਾਮੰਦੀ ਜ਼ਾਹਰ ਕਰਦਿਆਂ ਮੰਨਿਆ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਨੂੰ ਮੁੜ ਲੀਹ ’ਤੇ ਲਿਆਂਦਾ ਜਾ ਸਕਦਾ ਹੈ।