ਮੁੰਬਈ:ਅਦਾਕਾਰ ਆਯੂਸ਼ਮਾਨ ਖੁਰਾਨਾ ਦੀ ਚੜ੍ਹਤ ਪਿਛਲੇ ਸਾਲਾਂ ਦੌਰਾਨ ਵਧੀ ਹੈ। ਉਸ ਨੇ ਇੱਕ ਤੋਂ ਪਿੱਛੋਂ ਇੱਕ ਲਗਾਤਾਰ ਹਿੱਟ ਫ਼ਿਲਮਾਂ ਦਿੱਤੀਆਂ ਹਨ ਤੇ ਇਸ ਦੌਰਾਨ ਕੌਮੀ ਐਵਾਰਡ ਵੀ ਹਾਸਲ ਕੀਤਾ ਹੈ। ਆਯੂਸ਼ਮਾਨ ਨੇ ਪਰੰਪਰਕ ਤੌਰ ’ਤੇ ਬਾਲੀਵੁੱਡ ਅਦਾਕਾਰਾਂ ਵੱਲੋਂ ਨਿਭਾਏ ਜਾਂਂਦੇ ਕਿਰਦਾਰਾਂ ਤੋਂ ਵੱਖਰੇ ਰੋਲ ਨਿਭਾਉਂਦੇ ਹੋਏ ਵੀ ਇੱਕ ਸੰਤੁਲਨ ਕਾਇਮ ਰੱਖਿਆ ਹੈ। ਆਯੂਸ਼ਮਾਨ ਨੇ ਆਪਣੀ ਇਸ ਸਫ਼ਲਤਾ ਦਾ ਸਿਹਰਾ ਸਮਾਜਿਕ ਮੁੱਦਿਆਂ ’ਤੇ ਬਣੀਆਂ ਆਪਣੀਆਂ ਫ਼ਿਲਮਾਂ ਦੇ ਸਿਰ ਬੰਨ੍ਹਿਆ ਹੈ। ਆਯੂਸ਼ਮਾਨ ਨੇ ਕਿਹਾ, ‘ਅੱਜ ਮੇਰਾ ਜੋ ਵੀ ਮੁਕਾਮ ਹੈ, ਉਹ ਇਨ੍ਹਾਂ ਸਮਾਜਿਕ ਮੁੱਦਿਆਂ ਨੂੰ ਚੁੱਕਣ ਵਾਲੀਆਂ ਫ਼ਿਲਮਾਂ ਦੀ ਬਦੌਲਤ ਹੀ ਹੈ, ਜਿਨ੍ਹਾਂ ਮੈਨੂੰ ਲੋਕਾਂ ਦੇ ਰੂਬਰੂ ਕਰਵਾਇਆ। ਇਨ੍ਹਾਂ ਫ਼ਿਲਮਾਂ ਨੇ ਲੋਕਾਂ ਨੂੰ ਦੱਸਿਆ ਕਿ ਮੈਂ ਕੌਣ ਹਾਂ, ਕੀ ਸੋਚਦਾ ਹਾਂ ਤੇ ਇੱਕ ਕਲਾਕਾਰ ਵਜੋਂ ਮੈਂ ਕੀ ਕਰਨਾ ਚਾਹੁੰਦਾ ਹਾਂ।’ ਉਸ ਨੇ ਆਖਿਆ, ‘ਮੈਂ  ਖੁਸ਼ਕਿਸਮਤ ਹਾਂ ਕਿ ਮੈਨੂੰ ਉਹ ਫ਼ਿਲਮਾਂ ਕਰਨ ਦਾ ਮੌਕਾ ਮਿਲਿਆ, ਜੋ ਸਫ਼ਲ ਹੋਈਆਂ। ਸਫ਼ਲ ਫ਼ਿਲਮਾਂ ਹੀ ਤੁਹਾਡਾ ਮੁੱਲ ਵਧਾਉਂਦੀਆਂ ਹਨ।’ ਆਯੂਸ਼ਮਾਨ ਨੇ ਕਿਹਾ, ‘ਮੈਂ ਹਮੇਸ਼ਾ ਇਸ ਗੱਲ ਵਿੱਚ ਵਿਸ਼ਵਾਸ ਰੱਖਿਆ ਹੈ ਕਿ ਮੇਰਾ ਕੰਮ ਮੇਰੀ ਥਾਂ ਬੋਲੇ।’ ਉਸ ਨੇ ਕਿਹਾ, ‘ਮੈਂ ਖ਼ੁਸ਼ਕਿਸਮਤ ਹਾਂ ਕਿ ਅਜਿਹੇ ਪ੍ਰਾਜੈਕਟਾਂ ਨਾਲ ਜੁੜਿਆ, ਜਿਨ੍ਹਾਂ ਭਾਰਤੀ ਸਿਨੇਮਾ ਵਿੱਚ ਕਹਾਣੀਆਂ ਦੱਸਣ ਦੇ ਰਵਾਇਤੀ ਢੰਗ ਦੀ ਵਰਤੋਂ ਨਾ ਕਰਦੇ ਹੋਏ ਇੱਕ ਨਿਵੇਕਲੇ, ਜੜ੍ਹਤਾ ਨੂੰ ਤੋੜਨ ਵਾਲੇ ਤੇ ਸੰਵਾਦ ਰਚਾਉਣ ਵਾਲੇ ਕਲਾਕਾਰਾਂ ਦੀ ਪਿਰਤ ਪਾਈ ਹੈ।