ਲੰਡਨ, 24 ਅਪਰੈਲ

ਬਕਿੰਘਮ ਪੈਲੇਸ ਨੇ ਭਾਰਤ ਦੇ ਦਾਅਵੇ ਵਾਲੇ ਤੇ ਬਸਤੀਵਾਦੀ ਯੁੱਗ ਦੇ ਕੋਹਿਨੂਰ ਹੀਰੇ ਨਾਲ ਜੁੜੇ ਵਿਵਾਦ ਦੇ ਮੱਦੇਨਜ਼ਰ ਚੌਕਸੀ ਵਰਤਦਿਆਂ ਇਸ ਨੂੰ ਅਗਲੇ ਮਹੀਨੇ ਸਮਰਾਟ ਚਾਰਲਸ ਤਿੰਨ ਤੇ ਮਹਾਰਾਣੀ ਕੈਮਿਲਾ ਦੇ ਤਾਜਪੋਸ਼ੀ ਸਮਾਗਮ ਦਾ ਹਿੱਸਾ ਨਾ ਬਣਾਉਣ ਦਾ ਫੈਸਲਾ ਕੀਤਾ ਹੈ। ਬਰਤਾਨਵੀ ਰਾਜ ਪਰਿਵਾਰ ਨਾਲ ਜੁੜੇ ਮਾਮਲਿਆਂ ਦੇ ਮਾਹਿਰ ਨੇ ਇਹ ਜਾਣਕਾਰੀ ਦਿੱਤੀ ਹੈ। 

‘ਦਿ ਡੇਲੀ ਟੈਲੀਗ੍ਰਾਫ’ ਅਖ਼ਬਾਰ ਦੀ ਸਹਾਇਕ ਸੰਪਾਦਕ ਕੈਮਿਲਾ ਟੋਮਿਨੀ ਨੇ ਇਸ ਖ਼ਬਰ ੲੇਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਰਵਾਇਤੀ ਤਾਜ ਵਿੱਚ ਕੋਹਿਨੂਰ ਹੀਰਾ ਜੜਿਆ ਹੋਣ ਕਰਕੇ ਇਸ ਦੀ ਵਰਤੋਂ ਨਾ ਕੀਤੇ ਜਾਣ ਦੇ ਕੈਮਿਲਾ ਦੇ ਫੈਸਲੇ ’ਤੇ ਉਨ੍ਹਾਂ ਗੌਰ ਕੀਤਾ। ਅਗਲੇ ਮਹੀਨੇ (6 ਮਈ) ਹੋਣ ਵਾਲੇ ਤਾਜਪੋਸ਼ੀ ਸਮਾਗਮ ਲਈ ਬਕਿੰਘਮ ਪੈਲੇਸ ਵੱਲੋਂ ਕੱਢੇ ਗਏ ਸ਼ਾਹੀ ਗਹਿਣਿਆਂ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਮਹਾਰਾਣੀ ਕੈਮਿਲਾ ਨੇ ਮਹਾਰਾਣੀ ਮੈਰੀ ਦੇ ਤਾਜ ਨੂੰ ਚੁਣਿਆ ਹੈ।

ਟੋਮਿਨੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਕੋਹਿਨੂਰ ਦੇ ਵਿਵਾਦਾਂ ਵਿੱਚ ਰਹਿਣ ਕਰਕੇ ਸ਼ਾਇਦ ਬਕਿੰਘਮ ਪੈਲੇੇਸ ਵਧੇਰੇ ਚੌਕਸ ਰਿਹਾ ਹੋਵੇਗਾ ਤੇ ਲਿਹਾਜ਼ਾ ਇਸ ਹੀਰੇ ਦੇ ਮੂਲ ਸਥਾਨ ਨਾਲ ਜੁੜੀ ਕਹਾਣੀ ਨੂੰ ਹੋਰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ।’’ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਪੈਲੇਸ ਨੇ ਕਿਹਾ ਸੀ ਕਿ ਮਹਾਰਾਣੀ ਮੈਰੀ ਦੇ ਤਾਜ ਵਿੱਚ ਮਾਮੂਲੀ ਬਦਲਾਅ ਕੀਤੇ ਜਾ ਰਹੇ ਹਨ, ਜਿਵੇਂ ਕਿ ਇਸ ਵਿੱਚ ਕਲੀਨਨ 3, 4 ਤੇ 5 ਹੀਰੇ ਨੂੰ ਸ਼ਾਮਲ ਕਰਨਾ, ਜੋ ਕਈ ਸਾਲਾਂ ਤੋਂ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਨਿੱਜੀ ਗਹਿਣਿਆਂ ਦੇ ਸੰਗ੍ਰਹਿ ਦਾ ਹਿੱਸਾ ਰਹੇ ਹਨ। ਡਿਜ਼ਾਈਨ ਮਹਾਰਾਣੀ ਅਲੈਗਜ਼ੈਂਡਰਾ ਦੇ 1902 ਦੇ ਤਾਜ ਤੋਂ ਪ੍ਰੇਰਿਤ ਹੈ, ਜਿਸ ਨੂੰ ਮੂਲ ਰੂਪ ਵਿੱਚ ਕੋਹਿਨੂਰ ਨਾਲ ਜੜਿਆ ਗਿਆ ਸੀ, ਜੋ ਮਹਾਰਾਣੀ ਐਲਿਜ਼ਬੈੱਥ ਦੋਇਮ ਦੀ ਮਾਂ ਮਹਾਰਾਣੀ ਐਲਿਜ਼ਬੈੱਥ ਦੇ ਤਾਜ ਵਿੱਚ 1937 ਤੋਂ ਜੜਿਆ ਹੋਇਆ ਹੈ। 

ਪਿਛਲੇ ਮਹੀਨੇ ਬਰਤਾਨਵੀ ਮਹਿਲਾਂ ਦਾ ਪ੍ਰਬੰਧ ਵੇਖਦੀ ਚੈਰਿਟੀ ‘ਹਿਸਟੋਰਿਕ ਰੌਇਲ ਪੈਲੇਸਿਜ਼’ (ਐੱਚਆਰਪੀ) ਨੇ ਕਿਹਾ ਸੀ ਕਿ ਕੋਹਿਨੂਰ ਹੀਰੇ ਨੂੰ ਮਈ ਵਿੱਚ ‘ਟਾਵਰ ਆਫ਼ ਲੰਡਨ’ ਵਿੱਚ ਹੋਣ ਵਾਲੀ ਜਨਤਕ ਪ੍ਰਦਰਸ਼ਨੀ ਵਿੱਚ ‘ਜਿੱਤ ਦੇ ਪ੍ਰਤੀਕ’ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ। ਨੁਮਾਇਸ਼ ਵਿਚ ਕੋਹਿਨੂਰ ਦੇ ਇਤਿਹਾਸ ਨੂੰ ਵੀ ਵਿਖਾਇਆ ਜਾਵੇਗਾ। ਚੇਤੇ ਰਹੇ ਕਿ ਭਾਰਤ, ਕੋਹਿਨੂਰ ’ਤੇ ਆਪਣਾ ਦਾਅਵਾ ਜਤਾਉਂਦਾ ਰਿਹਾ ਹੈ। ਐੱਚਆਰਪੀ ਨੇ ਨਵੀਂ ਤਜਵੀਜ਼ਤ ਪ੍ਰਦਰਸ਼ਨੀ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਮਹਾਰਾਣੀ ਐਲਿਜ਼ਬੈੱਥ ਦੇ ਤਾਜ ਵਿੱਚ ਜੜੇ ਕੋਹਿਨੂਰ ਦੇ ਇਤਿਹਾਸ ਨੂੰ ਜਿੱਤ ਦੇ ਪ੍ਰਤੀਕ ਵਜੋਂ ਬਿਆਨ ਕੀਤਾ ਜਾਵੇਗਾ। ਇਸ ਵਿੱਚ ਉਹ ਇਤਿਹਾਸ ਵੀ ਸ਼ਾਮਲ ਹੈ, ਜਦੋਂ ਇਹ ਹੀਰਾ ਮੁਗਲ ਸਾਮਰਾਜ, ਇਰਾਨ ਦੇ ਸ਼ਾਹਾਂ, ਅਫ਼ਗ਼ਾਨਿਸਤਾਨ ਦੇ ਅਮੀਰਾਂ ਤੇ ਸਿੱਖ ਰਾਜਿਆਂ ਕੋਲ ਹੁੰਦਾ ਸੀ।’’ ਫਾਰਸੀ ਭਾਸ਼ਾ ਵਿੱਚ ਕੋਹਿਨੂਰ ਦਾ ਮਤਲਬ ਪ੍ਰਕਾਸ਼ ਦਾ ਪਰਬਤ ਹੁੰਦਾ ਹੈ। ਇਹ ਹੀਰਾ ਕਿਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਸ਼ਾਮਲ ਸੀ, ਪਰ ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਬਣਾੲੇ ਜਾਣ ਦੇ ਕੁਝ ਸਾਲ ਪਹਿਲਾਂ ਇਹ ਉਨ੍ਹਾਂ ਦੇ ਕਬਜ਼ੇ ਵਿੱਚ ਚਲਾ ਗਿਆ। ਐੱਚਆਰਪੀ ਮੁਤਾਬਕ ਇਹ ਹੀਰਾ ਦੱਖਣੀ ਭਾਰਤ ਵਿੱਚ ਗੋਲਕੁੰਡਾ ਦੀਆਂ ਖਾਣਾਂ ’ਚੋਂ ਨਿਕਲਿਆ ਤੇ ਇਸ ਦਾ ਵਜ਼ਨ 105.6 ਕੈਰੇਟ ਹੈ।