ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਨਸ਼ੀਲੇ ਪਦਾਰਥਾਂ ਦੇ ਅਪਰਾਧਾਂ ਦੇ ਦੋਸ਼ੀ ਲਗਭਗ 2,500 ਲੋਕਾਂ ਦੀ ਸਜ਼ਾ ਘੱਟ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਇਹ ਫ਼ੈਸਲਾ ਅਪਣਾ ਕਾਰਜਕਾਲ ਖ਼ਤਮ ਹੋਣ ਤੋਂ ਕੁਝ ਦਿਨ ਪਹਿਲਾਂ ਲਿਆ ਹੈ। ਇਸ ਨੇ ਨਾਲ ਹੀ ਬਿਡੇਨ ਨੇ ਵਿਅਕਤੀਗਤ ਸਜ਼ਾ ਮੁਆਫ਼ੀ ਅਤੇ ਕਮਿਊਟੇਸ਼ਨ ਜਾਰੀ ਕਰਨ ਦਾ ਰਿਕਾਰਡ ਅਪਣੇ ਨਾਂ ਕਰ ਲਿਆ ਹੈ। ਬਿਡੇਨ ਸਭ ਤੋਂ ਵੱਧ ਕੈਦੀਆਂ ਨੂੰ ਮੁਆਫ਼ੀ ਅਤੇ ਸਜ਼ਾ ਘੱਟ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।

ਇਕ ਬਿਆਨ ਜਾਰੀ ਕਰਦੇ ਹੋਏ ਬਿਡੇਨ ਨੇ ਕਿਹਾ, ‘‘ਅੱਜ ਦੀ ਮਾਫ਼ੀ ਦੀ ਕਾਰਵਾਈ ਉਨ੍ਹਾਂ ਵਿਅਕਤੀਆਂ ਨੂੰ ਰਾਹਤ ਪ੍ਰਦਾਨ ਕਰੇਗੀ ਜਿਨ੍ਹਾਂ ਨੂੰ ਪਾਊਡਰ ਕੋਕੀਨ ਦੀ ਵਰਤੋਂ ਲਈ ਲੰਮੀ ਸਜ਼ਾ ਸੁਣਾਈ ਗਈ ਹੈ। ਇਹ ਕਾਰਵਾਈ ਇਤਿਹਾਸਕ ਗ਼ਲਤੀਆਂ ਨੂੰ ਸੁਧਾਰਨ, ਸਜ਼ਾ ਵਿਚ ਅਸਮਾਨਤਾਵਾਂ ਨੂੰ ਠੀਕ ਕਰਨ ਅਤੇ ਯੋਗ ਵਿਅਕਤੀਆਂ ਨੂੰ ਸਲਾਖਾਂ ਪਿੱਛੇ ਬਹੁਤ ਲਮਾਂ ਸਮਾਂ ਬਿਤਾਉਣ ਤੋਂ ਬਾਅਦ ਅਪਣੇ ਪ੍ਰਵਾਰਾਂ ਨੂੰ ਮਿਲਣ ਦਾ ਮੌਕਾ ਪ੍ਰਦਾਨ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ।’’

ਵ੍ਹਾਈਟ ਹਾਊਸ ਵਲੋਂ ਫ਼ਿਲਹਾਲ ਕਮਿਊਟੇਸ਼ਨ ਪ੍ਰਾਪਤ ਕਰਨ ਵਾਲਿਆਂ ਦੇ ਨਾਵਾਂ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। ਬਿਡੇਨ ਨੇ ਕਿਹਾ, “ਹਾਲੇ ਹੋਰ ਵੀ ਬਹੁਤ ਕੁਝ ਆ ਸਕਦਾ ਹੈ।’’ ਉਨ੍ਹਾਂ ਸੋਮਵਾਰ ਨੂੰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਸਮਾਂ ਵਰਤਣ ਦਾ ਵਾਅਦਾ ਕੀਤਾ ਹੈ। ਬਿਡੇਨ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਕੋਰੋਨਾ ਮਹਾਂਮਾਰੀ ਦੌਰਾਨ ਜੇਲ ਤੋਂ ਰਿਹਾਅ ਹੋਏ ਅਤੇ ਘਰੇਲੂ ਕੈਦ ਵਿਚ ਰੱਖੇ ਗਏ ਲਗਭਗ 1500 ਕੈਦੀਆਂ ਦੀ ਸਜ਼ਾ ਘੱਟ ਕੀਤੀ ਸੀ। ਇਸ ਨਾਲ ਹੀ ਅਹਿੰਸਕ ਅਪਰਾਧਾਂ ਦੇ ਦੋਸ਼ੀ 39 ਅਮਰੀਕੀਆਂ ਨੂੰ ਵੀ ਮਾਫ਼ੀ ਦਿਤੀ ਗਈ ਸੀ।

ਪਿਛਲੇ ਮਹੀਨੇ, ਬਿਡੇਨ ਨੇ 40 ਵਿਚੋਂ 37 ਲੋਕਾਂ ਦੀ ਮੌਤ ਦੀ ਸਜ਼ਾ ਮੁਆਫ਼ ਕਰ ਦਿਤੀ ਸੀ। ਹਾਲਾਂਕਿ, ਟਰੰਪ ਨੇ ਅਪਣਾ ਕਾਰਜਕਾਲ ਸ਼ੁਰੂ ਹੋਣ ’ਤੇ ਇਨ੍ਹਾਂ ਆਦੇਸ਼ਾਂ ਨੂੰ ਵਾਪਸ ਲੈਣ ਦੀ ਸਹੁੰ ਖਾਧੀ ਹੈ। ਰਾਸ਼ਟਰਪਤੀ ਬਿਡੇਨ ਨੇ ਹਾਲ ਹੀ ਵਿਚ ਅਪਣੇ ਪੁੱਤਰ ਹੰਟਰ ਨੂੰ ਵੀ ਮੁਆਫ਼ ਕਰ ਦਿਤਾ ਸੀ। ਦਰਅਸਲ, ਰਾਸ਼ਟਰਪਤੀ ਨੂੰ ਡਰ ਸੀ ਕਿ ਟਰੰਪ ਸਰਕਾਰ ਉਨ੍ਹਾਂ ਦੇ ਪੁੱਤਰ ’ਤੇ ਹੋਰ ਅਪਰਾਧਾਂ ਲਈ ਵੀ ਮੁਕੱਦਮਾ ਚਲਾ ਸਕਦੀ ਹੈ। ਅਪਣੇ ਪਹਿਲੇ ਕਾਰਜਕਾਲ ਵਿਚ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦਾ ਅੰਤਮ ਕਾਰਜ ਅਲ ਪੀਰੋ ਲਈ ਮਾਫ਼ੀ ਦਾ ਐਲਾਨ ਕਰਨਾ ਸੀ।