ਪਟਿਆਲਾ, ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ‘ਪਾਵਰਕੌਮ’ ਨੇ ਸਵੈ-ਇੱਛਾ ਨਾਲ ਖੇਤੀ ਟਿਊਬਵੈਲਾਂ ਦੀ ਬਿਜਲੀ ਸਬਸਿਡੀ ਛੱਡਣ ਵਾਲੇ ਕਿਸਾਨਾਂ ਤੋਂ ਉਗਰਾਹੇ ਜਾਣ ਵਾਲੇ ਬਿਜਲੀ ਬਿੱਲਾਂ ਦੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਅਨੁਸਾਰ ਜੋ ਕਿਸਾਨ ਸਵੈ-ਇਛਾ ਨਾਲ ਆਪਣੀ ਮੋਟਰ ਦੀ ਸੌ ਫ਼ੀਸਦੀ ਸਬਸਿਡੀ ਛੱਡਣਗੇ, ਉਨ੍ਹਾਂ ਤੋਂ ਹਰ ਮਹੀਨੇ 403 ਰੁਪਏ ਪ੍ਰਤੀ ਹਾਰਸ ਪਾਵਰ ਤੇ 50 ਫ਼ੀਸਦੀ ਸਬਸਿਡੀ ਛੱਡਣ ਵਾਲੇ ਕਿਸਾਨਾਂ ਤੋਂ 202 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਵਸੂਲ ਕੀਤਾ ਜਾਵੇਗਾ। ਪੰਜਾਬ ਮੰਤਰੀ ਮੰਡਲ ਨੇ 24 ਜਨਵਰੀ ਦੀ ਮੀਟਿੰਗ ਵਿੱਚ ਇਹ ਫੈ਼ਸਲਾ ਲਿਆ ਸੀ ਕਿ ਜੋ ਕਿਸਾਨ ਆਪਣੀ ਖੇਤੀ ਬਿਜਲੀ ਸਬਸਿਡੀ ਮਰਜ਼ੀ ਨਾਲ ਛੱਡਣਗੇ, ਉਨ੍ਹਾਂ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਏ ਗਏ ਫਲੈਟ ਰੇਟ ਆਧਾਰ ‘ਤੇ ਚਾਰਜ ਕੀਤਾ ਜਾਵੇਗਾ। ਕਿਸਾਨਾਂ ਨੂੰ ਆਪਣੀ ਸਬਸਿਡੀ 50 ਜਾਂ ਸੌ ਫ਼ੀਸਦੀ ਤੱਕ ਦੇਣ ਦਾ ਵਿਕਲਪ ਵੀ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ ਲੰਘੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਰੱਥ ਕਿਸਾਨਾਂ ਨੂੰ ਬਿਜਲੀ ਸਬਸਿਡੀ ਛੱਡਣ ਦੀ ਅਪੀਲ ਕੀਤੀ ਸੀ ਪਰ ਇਸ ਅਪੀਲ ’ਤੇ ਹਾਲੇ ਤਾਈਂ ਕਿਸਾਨਾਂ ਵੱਲੋਂ ਕੋਈ ਹੁੰਗਾਰਾ ਨਹੀਂ ਆਇਆ। ਕਈ ਸਿਆਸੀ ਆਗੂਆਂ ਨੇ ਭਾਵੇਂ ਬਿਜਲੀ ਸਬਸਿਡੀ ਛੱਡਣ ਦੇ ਐਲਾਨ ਤਾਂ ਕੀਤੇ ਸਨ ਪਰ ਉਹ ਹਾਲੇ ਹਕੀਕਤ ਪੱਖੋਂ ਪ੍ਰਵਾਨ ਨਹੀਂ ਚੜ੍ਹ ਸਕੇ।